ਮਨਿੰਦਰਜੀਤ ਸਿੱਧੂ
- ਧੀ ਨਵਜੋਤ ਕੌਰ ਨੇ ਇਲਾਕੇ ਦਾ ਨਾਮ ਕੀਤਾ ਰੌਸ਼ਨ - ਸੂਰਜ ਭਾਰਦਵਾਜ
ਜੈਤੋ, 11 ਜੁਲਾਈ 2020 - ਕਾਸਮ ਭੱਟੀ ਪਿੰਡ ਦੀ ਜੰਮਪਲ ਨਵਜੋਤ ਕੌਰ ਨੇ ਉੱਤਰ ਪ੍ਰਦੇਸ਼ ਪੀ.ਸੀ.ਐਸ. ਵਿੱਚ 38ਵਾਂ ਰੈਂਕ ਲੈਕੇ ਬਾਜੀ ਮਾਰੀ ਹੈ। ਨਵਜੋਤ ਕੌਰ ਦਾ ਜਨਮ ਪਿੰਡ ਕਾਸਮ ਭੱਟੀ ਵਿਖੇ ਮਾਤ ਪਰਮਜੀਤ ਕੌਰ ਦੀ ਕੁੱਖੋਂ ਪਿਤਾ ਜਸਵਿੰਦਰ ਸਿੰਘ ਅਤੇ ਦਾਦਾ ਅਹਿਮਦ ਸਿੰਘ ਦੇ ਘਰ ਹੋਇਆ ਸੀ। ਨਵਜੋਤ ਕੌਰ ਨੇ ਆਪਣੀ ਸਕੂਲੀ ਵਿੱਦਿਆ ਨਾਲ ਲੱਗਦੇ ਪਿੰਡ ਹਰੀ ਨੌਂ ਤੋਂ ਹਾਸਲ ਕੀਤੀ ਸੀ।
ਆਪਣੀ ਗ੍ਰੈਜੂਏਸ਼ਨ ਦੀ ਪੜਾਈ ਨਵਜੋਤ ਕੌਰ ਨੇ ਯੂਨੀਵਰਸਿਟੀ ਕਾਲਜ ਜੈਤੋ ਤੋਂ ਪ੍ਰਾਪਤ ਕੀਤੀ। ਜਿਸ ਉਪਰੰਤ ਉਸਨੇ ਦਿੱਲੀ ਜਾ ਕੇ ਸਿਵਲ ਸੇਵਾਵਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਉੱਤਰ ਪ੍ਰਦੇਸ਼ ਸਿਵਲ ਸੇਵਾਵਾਂ ਦਾ ਪੇਪਰ ਪਾਸ ਕੀਤਾ। ਇਸ ਮੌਕੇ ਜੈਤੋ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਲੜਕੀ ਦੇ ਗ੍ਰੁਹਿ ਵਿਖੇ ਉਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦੇਣ ਲਈ ਵਿਸ਼ੇਸ ਤੌਰ ਤੇ ਪਹੁੰਚੇ। ਉਹਨਾਂ ਲੜਕੀ ਦਾ ਮੂੰਹ ਮਿੱਠਾ ਕਰਵਾਉਣ ਉਪਰੰਤ ਕਿਹਾ ਕਿ ਧੀ ਨਵਜੋਤ ਕੌਰ ਨੇ ਸਾਡੇ ਇਲਾਕੇ ਦਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ ਅਤੇ ਸਾਨੂੰ ਇਸ ਧੀ ਤੇ ਮਾਣ ਹੈ।
ਉਹਨਾਂ ਕਿਹਾ ਕਿ ਕਿਸੇ ਸਮੇਂ ਲੜਕੀਆਂ ਨੂੰ ਬੋਝ ਮੰਨਿਆ ਜਾਂਦਾ ਸੀ, ਪਰ ਅੱਜ ਲੜਕੀਆਂ ਲੜਕਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਹਨ। ਲੜਕੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਨਵਜੋਤ ਕੌਰ ਵਾਂਗ ਬਾਕੀ ਲੜਕੀਆਂ ਵੀ ਪੜ੍ਹ ਲਿਖ ਕੇ ਉੱਚ ਅਹੁਦਿਆਂ ਤੇ ਪਹੁੰਚਣ।
ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਦੀ ਟਰੱਕ ਅਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ “ਰਾਮੇਆਣਾ”, ਪਿੰਡ ਕਾਸਮ ਭੱਟੀ ਦੇ ਸਰਪੰਚ ਰਮਨਦੀਪ ਕੌਰ ਸਿੱਧੂ, ਗੁਰਸੇਵਕ ਸਿੰਘ ਸਿੱਧੂ, ਪ੍ਰਭਜੀਤ ਸਿੰਘ ਬਾਜਾਖਾਨਾ, ਸੰਦੀਪ ਰੋਮਾਣਾ, ਜਸਵੀਰ ਬਹਿਬਲ, ਗੁਰਵਿੰਦਰ ਸਿੰਘ ਦਬੜੀਖਾਨਾ, ਸਰਪੰਚ ਪਰਮਜੀਤ ਸਿੰਘ ਦਬੜੀਖਾਨਾ, ਕੁਲਰਾਜ ਸਿੰਘ ਕਾਸਮ ਭੱਟੀ, ਮੈਂਬਰ ਕਿਸ਼ਨ ਚੰਦ, ਮੈਂਬਰ ਰਜਿੰਦਰ ਸਿੰਘ, ਨੰਬਰਦਾਰ ਦੁੱਲਾ ਸਿੰਘ, ਅਹਿਮਦ ਸਿੰਘ ਕਾਸਮ ਭੱਟੀ, ਗੁਰਨਾਮ ਸਿੰਘ ਕਾਸਮ ਭੱਟੀ, ਜਰਨੈਲ ਸਿੰਘ ਕਾਸਮ ਭੱਟੀ ਆਦਿ ਹਾਜਰ ਸਨ।