ਅਸ਼ੋਕ ਵਰਮਾ
ਬਠਿੰਡਾ, 4 ਅਗਸਤ 2020 - ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ ਦੌਰਾਨ ਬਠਿੰਡਾ ’ਚ ਅੰਡਰ ਟਰੇਨਿੰਗ ਸਹਾਇਕ ਕਮਿਸ਼ਨਰ ਤੋਂ ਇਲਾਵਾ ਬਠਿੰਡਾ ਜਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਅਤੇ ਇੱਕ ਲੜਕੀ ਨੇ ਆਈਏਐਸ ਪ੍ਰੀਖਿਆ ’ਚ ਸਫਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਕਮਿਸ਼ਨਰ ਮਨਿੰਦਰਜੀਤ ਕੌਰ ਦਾ ਆਲ ਇੰਡੀਆ 264 ਰੈਂਕ ਆਇਆ ਹੈ ਜਦੋਂ ਕਿ ਪੰਜਾਬ ’ਚੋਂ ਉਸਦਾ ਪੰਜਵਾਂ ਨੰਬਰ ਹੈ। ਜਾਣਕਾਰੀ ਅਨੁਸਾਰ ਮਨਿੰਦਰਜੀਤ ਕੌਰ ਨੇ 10ਵੀਂ ਦੀ ਪੜਾਈ ਬਾਬਾ ਗਾਂਧਾ ਸਿੰਘ ਸਕੂਲ ਭਦੌੜ ਤੋਂ ਕੀਤੀ ਜਦੋਂਕਿ ਅਗਲੀ ਸਿੱਖਆ ਤੋਂ ਬਾਅਦ ਬੀਟੈਕ ਝਾਰਖੰਡ ਤੋਂ ਕੀਤੀ ਹੈ। ਮਕਨਿੰਦਰਜੀਤ ਕੌਰ ਮੁੰਬਈ ’ਚ ਇੱਕ ਫਾਇਨਾਂਸ ਕੰਪਨੀ ’ਚ ਵੀ ਕੰਮ ਕਰਦੀ ਰਹੀ ਹੈ। ਉਸ ਨੇ 2019 ’ਚ ਆਈਏਐਸ ਦਾ ਟੈਸਟ ਦਿੱਤਾ ਸੀ ਜਿਸ ’ਚ ਹੁਣ ਸਫਲਤਾ ਮਿਲੀ ਹੈ।
ਇਸੇ ਤਰ੍ਹਾਂ ਹੀ ਬਠਿੰਡਾ ਜ਼ਿਲੇ ਦੇ ਪਿੰਡ ਫੁੱਲੋਖਾਰੀ ਦਾ ਨੌਜਵਾਨ ਰਸ਼ਪ੍ਰੀਤ ਸਿੰਘ 196 ਵੇਂ ਰੈਂਕ ਤੇ ਆਇਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਓਣਾ ਪੁਜਾਰੀਆਂ ’ਚ ਲੈਕਚਰਾਰ ਵਜੋਂ ਸੇਵਾ ਨਿਭਾ ਰਹੇ ਰਸ਼ਪ੍ਰੀਤ ਸਿੰਘ ਦੇ ਪਿਤਾ ਲਾਭ ਸਿੰਘ ਨੇ ਦੱਸਿਆ ਕਿ ਰਸ਼ਪ੍ਰੀਤ ਨੇ ਆਪਣੀ ਮੁੱਢਲੀ ਸਿੱਖਿਆ ਡੀਏਵੀ ਸਕੂਲ ਅਤੇ ਸਟਾਰ ਪਲੱਸ ਸਕੂਲ ਰਾਮਾਂ ਮੰਡੀ ਤੋਂ ਹਾਸਲ ਕੀਤੀ ਹੈ। ਉਸ ਮਗਰੋਂ ਉਸ ਨੇ ਆਈਆਈਟੀ ਇਲੈਕਟ੍ਰੀਕਲ ਦਾ ਕੋਰਸ ਕੀਤਾ ਜਿਸ ’ਚ ਉਹ ਸਫਲ ਰਿਹਾ। ਸਫਲਤਾ ਤੋਂ ਉਤਸ਼ਾਹਿਤ ਹੋਕੇ ਉਸ ਨੇ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਰਸ਼ਪ੍ਰੀਤ ਆਈਐਸ ਬਣਨ ਦਾ ਚਾਹਵਾਨ ਸੀ ਜਿਸ ’ਚ ਦੂਸਰੀ ਵਾਰ ਪ੍ਰੀਖਿਆ ਦੇਣ ਤੇ ਅੱਜ ਉਸ ਨੂੰ ਕਾਮਯਾਬੀ ਮਿਲ ਗਈ ਹੈ। ਇਸੇ ਤਰ੍ਹਾਂ ਹੀ ਪਿੰਡ ਬੱਲੋ ਦੀ ਲੜਕੀ ਖੁਸ਼ਦੀਪ ਕੌਰ ਵੀ 352ਵਾਂ ਰੈਂਕ ਪ੍ਰਾਪਤ ਕਰਕੇ ਆਪਣਾ ਆਈਏਐਸ ਬਣਨ ਦਾ ਸੁਫਨਾ ਪੂਰਾ ਕਰਨ ’ਚ ਸਫਲ ਰਹੀ ਹੈ।