ਅਸ਼ੋਕ ਵਰਮਾ
ਮਾਨਸਾ, 11 ਅਪ੍ਰੈਲ 2020 - ਕੌਮਾਂਤਰੀ ਯੁਵਾ ਦਿਵਸ ਤੇ ਭਲਕੇ 12 ਅਗਸਤ ਨੂੰ ਪੰਜਾਬ ਸਰਕਾਰ ਵੱਲ੍ਹੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਲਗਭਗ ਪੋਣੇ ਦੋ ਲੱਖ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਨੂੰ ਲੈ ਕੇ ਰਾਜ ਭਰ ਦੇ ਵਿਦਿਆਰਥੀਆਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਿੱਖਿਆ ਵਿਭਾਗ ਨਾਲ ਜੁੜੇ ਅਧਿਆਪਕ ਅਤੇ ਮਾਪੇ ਵੀ ਬਾਗੋਬਾਗ ਹਨ ਕਿ ਵਿਭਾਗ ਵੱਲ੍ਹੋਂ ਚੱਲ ਰਹੀ ਆਨਲਾਈਨ ਸਿੱਖਿਆ ਨੂੰ ਹੁਣ ਇਸ ਸਹੂਲਤ ਨਾਲ ਹੋਰ ਵੱਡਾ ਹੁਲਾਰਾ ਮਿਲੇਗਾ। ਬੇਸ਼ੱਕ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਲਕੇ ਪਹਿਲੇ ਦਿਨ ਹਰ ਜ਼ਿਲ੍ਹੇ ਵਿੱਚ ਗਿਣਤੀ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਜਾਣੇ ਹਨ, ਪਰ ਅਗਲੇ ਕੁਝ ਦਿਨਾਂ ਤੱਕ ਸਾਰੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲ੍ਹੋਂ ਸਮਾਰਟ ਫੋਨ ਦੇਣ ਦੇ ਲੋੜੀਂਦੇ ਪ੍ਰਬੰਧ ਕੀਤੇ ਹਨ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲ੍ਹੋਂ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਇਹ ਸਮਾਰਟ ਫੋਨ 12 ਅਗਸਤ ਨੂੰ ਕੌਮਾਂਤਰੀ ਯੁਵਾ ਦਿਵਸ ਤੇ ਇਹ ਸਮਾਰਟ ਫੋਨ ਵੰਡਣ ਦੀਆਂ ਹਦਾਇਤਾਂ ਲਿਖਤੀ ਰੂਪ ਵਿੱਚ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਅਪਣੇ ਮੀਮੋ ਨੰ ਪੀ ਆਈ ਸੀ ਈ ਐੱਸ/2020/187475 ਮਿਤੀ 10.08.2020 ਰਾਹੀਂ ਲੋੜੀਂਦੇ ਨਿਰਦੇਸ਼ ਦਿੱਤੇ ਕਿ ਕਰੋਨੇ ਵਾਇਰਸ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸਮਾਰਟ ਫੋਨਾਂ ਦੀ ਵੰਡ ਕੀਤੀ ਜਾਵੇ।
ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਮਾਰਟ ਫੋਨਾਂ ਐਲਾਨ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨਾਲ ਸਬੰਧਤ ਮਾਪੇ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ,ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਹੂਲਤ ਸਿਰਫ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਉਨ੍ਹਾਂ ਦੇ ਹੋਰ ਭੈਣ ਭਰਾ ਵੀ ਆਨਲਾਈਨ ਸਿੱਖਿਆ ਲਈ ਇਸ ਦਾ ਵੱਡਾ ਫਾਇਦਾ ਉਠਾ ਸਕਣਗੇ। ਮਾਪਿਆਂ ਦਾ ਇਹ ਵੀ ਕਹਿਣਾ ਸੀ ਕਿ ਬੇਸ਼ੱਕ ਬਹੁਤੇ ਘਰਾਂ ਵਿੱਚ ਮੋਬਾਈਲ ਫੋਨ ਉਪਲੱਬਧ ਵੀ ਸਨ,ਪਰ ਮਾਪਿਆ ਨੂੰ ਇਹ ਫੋਨ ਅਪਣੇ ਕੰਮਾਂ ਧੰਦਿਆਂ ਦੇ ਕਾਰਨ ਨਾਲ ਲੈਕੇ ਜਾਣ ਦੀ ਮਜਬੂਰੀ ਕਾਰਨ ਵਿਦਿਆਰਥੀਆਂ ਆਨਲਾਈਨ ਸਿੱਖਿਆ ਦਾ ਪੂਰੀ ਤਰ੍ਹਾਂ ਲਾਭ ਨਹੀਂ ਲੈ ਸਕਦੇ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲ੍ਹੋਂ ਪਿਛਲੇ ਦਿਨੀਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੋਬਾਇਲ ਦਿੱਤੇ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਵੱਲ੍ਹੋਂ ਅਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਲਿਸਟਾਂ ਤਿਆਰ ਕਰਨ ਦੇ ਪਹਿਲਾ ਹੀ ਹੁਕਮ ਦਿੱਤੇ ਸਨ। ਪਰ ਸਮਾਰਟ ਫੋਨ ਕਦੋਂ ਵੰਡੇ ਜਾਣੇ ਹਨ,ਇਸ ਬਾਰੇ ਸਪੱਸ਼ਟ ਨਹੀਂ ਸੀ। ਪਰ ਬੀਤੇ ਦਿਨੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲ੍ਹੋਂ ਜਾਰੀ ਡਿਪਟੀ ਕਮਿਸ਼ਨਰਾਂ ਨੂੰ ਸਮਾਰਟਫੋਨ ਵੰਡਣ ਦੇ ਨਿਰਦੇਸ਼ਾਂ ਨੇ ਵਿਦਿਆਰਥੀਆਂ ਦੇ ਮਨਾਂ ਵਿੱਚ ਖੁਸ਼ੀ ਤੇ ਚਾਅ ਭਰ ਦਿੱਤੇ।
ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਵੀ ਬਾਗੋਬਾਗ ਹਨ ਕਿ ਸਰਕਾਰੀ ਸਕੂਲਾਂ ਵਿੱਚ ਚਲ ਰਹੀ ਆਨਲਾਈਨ ਸਿੱਖਿਆ ਨੂੰ ਹੋਰ ਵੱਡਾ ਹੁਲਾਰਾ ਮਿਲੇਗਾ, ਇਸ ਨਾਲ ਨਾ ਸਿਰਫ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ, ਸਗੋਂ ਉਨ੍ਹਾਂ ਦੇ ਹੋਰਨਾਂ ਭੈਣ ਭਰਾਵਾਂ ਨੂੰ ਆਨਲਾਈਨ ਸਿੱਖਿਆ ਦਾ ਵੱਡਾ ਲਾਭ ਪੁੱਜੇਗਾ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਸਬੰਧਤ ਬਾਰਵੀਂ ਜਮਾਤ ਦੇ 174015 ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣੇ ਹਨ। ਜਿਨ੍ਹਾਂ ਵਿੱਚ ਅੰਮ੍ਰਿਤਸਰ ਚ 13471, ਬਰਨਾਲਾ ਚ 3792, ਬਠਿੰਡਾ ਚ 8955, ਫਰੀਦਕੋਟ ਚ 3812, ਫਤਿਹਗੜ੍ਹ ਸਾਹਿਬ ਚ 3991, ਫਾਜਿਲਕਾ ਚ 8663, ਫਿਰੋਜ਼ਪੁਰ ਚ 5168, ਗੁਰਦਾਸਪੁਰ ਚ 12703, ਹੁਸ਼ਿਆਰਪੁਰ ਚ 10584, ਜਲੰਧਰ ਚ 11894, ਕਪੂਰਥਲਾ ਚ 4306, ਲੁਧਿਆਣਾ ਚ 16682, ਮਾਨਸਾ ਚ 6227, ਮੋਗਾ ਚ 6348, ਸ੍ਰੀ ਮੁਕਤਸਰ ਸਾਹਿਬ ਚ 6175 ਪਟਿਆਲਾ ਚ 13926 ਪਠਾਨਕੋਟ ਚ 5283, ਰੂਪਨਗਰ ਚ 4721, ਸੰਗਰੂਰ ਚ 11179,ਐੱਸ ਏ ਐੱਸ ਨਗਰ ਚ 5686,ਐੱਸ ਬੀ ਐੱਸ ਨਗਰ ਚ 3762,ਤਰਨਤਾਰਨ ਚ 6417 ਮੋਬਾਈਲ ਦਿੱਤੇ ਜਾਣੇ ਹਨ।