ਅਸ਼ੋਕ ਵਰਮਾ
ਬਠਿੰਡਾ, 17 ਸਤੰਬਰ 2020 ਪੰਜਾਬ ਸੈਂਟਰਲ ਯੂਨੀਵਰਸਿਟੀ ਬਠਿੰਡਾ ਪੰਜਾਬ ਹਰਿਆਣਾ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ 9 ਪ੍ਰੀਖਿਆ ਕੇਂਦਰਾਂ ਦਾ ਪ੍ਰਬੰਧ ਅਤੇ ਦੇਖ ਰੇਖ ਕਰੇਗੀ। ਇੰਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਪੰਜਾਬ ਦੇ ਬਠਿੰਡਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਸ਼ਾਮਲ ਹਨ ਜਦੋਂਕਿ ਹਰਿਆਣਾ ਦੇ ਅੰਬਾਲਾਤੇ ਭਿਵਾਨੀ, ਹਿਮਾਚਲ ਦੇ ਧਰਮਸ਼ਾਲਾ ਤੇ ਸ਼ਿਮਲਾ ਅਤੇ ਜੰਮੂ ਕਸ਼ਮੀਰ ਦੇ ਸ੍ਰੀ ਨਗਰ ਸ਼ਹਿਰ ਹਨ। ਯੂਨੀਵਰਸਿਟੀ ਨੇ ਪ੍ਰੀਖਿਆ ਅਮਨ ਅਮਾਨ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਪ੍ਰੀਖਿਆ ਕੇਂਦਰਾਂ ਵਾਲੇ ਨੌਂ ਸ਼ਹਿਰਾਂ ਵਿੱਚ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਸਹਾਇਤਾ ਤੇ ਸਹਿਯੋਗ ਦੇਣ ਲਈ ਵੀ ਪੱਤਰ ਲਿਖੇ ਹਨ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਪ੍ਰੀਖਿਆ ਕੰਟਰੋਲਰ ਕੰਵਲਪਾਲ ਸਿੰਘ ਮੁੰਦਰਾ ਨੇ ਦੱਸਿਆ ਕਿ ਨਵੇਂ ਵਿੱਦਿਅਕ ਵਰੇ ਵਿੱਚ ਯੂਨੀਵਰਸਿਟੀ ਦੇ ਪੋਸਟ-ਗ੍ਰੈਜੂਏਟ ਦੇ 42ਅਤੇ ਪੀ.ਐੱਚ.ਡੀ ਦੇ 35 ਪ੍ਰੋਗਰਾਮਾਂ ਦੀਆਂ 1267 ਸੀਟਾਂ ਹਨ ਜਿੰਨ੍ਹਾਂ ਲਈ 83 ਹਜਾਰ ਤੋਂ ਵੱਧ ਅਰਜੀਆਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸੀਯੂਸੀਈਟੀ -2020 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 6 ਜੂਨ 2020 ਨੂੰ ਪੂਰੀ ਕੀਤੀ ਗਈ ਸੀ ਜਦੋਂਕਿ ਪ੍ਰੀਖਿਆ ਦੀਆਂ ਤਰੀਕਾਂ 18 ਤੋਂ 20 ਸਤੰਬਰ 2020 ਤੱਕ ਨਿਰਧਾਰਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਪ੍ਰੀਖਿਆ ’ਚ ਸ਼ਾਮਲ ਹੋਣ ਮੌਕੇ ਸੀਯੂਸੀਈਟੀ ਨਿਯਮਾਂ ਅਤੇ ਕੋਵਿਡ-19 ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਆਖਿਆ ਕਿ ਵਿਦਿਆਰਥੀ ਵੈਬਸਾਈਟ www.cucetexam.in ਤੇ ਜਾਕੇ ਆਪਣੀ ਸੀਯੂਸੀਈਟੀ ਪ੍ਰੀਖਿਆ ਦੇ ਵੇਰਵਾ ਦੇਖਣ ਦੇ ਨਾਲ ਨਾਲ ਦਾਖਲਾ ਕਾਰਡ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੌਰਾਨ ਆਰਾਮਦਾਇਕ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਵਿਦਿਆਰਥੀ ਬਿਨਾਂ ਕਿਸੇ ਵਿਘਨ ਦੇ ਪ੍ਰੀਖਿਆ ਦੇ ਸਕਣ। ਮੁਦਰਾ ਨੇ ਸਮੂਹ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ ਹਨ।