← Go Back
ਰਜਨੀਸ਼ ਸਰੀਨ
ਐਸ.ਏ.ਐਸ.ਨਗਰ, 19 ਸਤੰਬਰ 2020 - ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਵਿਕਾਸ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਵਿਸ਼ੇਸ਼ ਉਪਰਾਲਾ ਕਰਦਿਆਂ ਮਿਡਲ ਅਤੇ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਵਿਗਿਆਨ ਵਿਸ਼ੇ ਦੀਆਂ ਆਨ-ਲਾਈਨ ਕਿਰਿਆਵਾਂ ਸ਼ੁਰੂ ਕੀਤੀਆਂ ਹਨ। ਸਿੱਖਿਆ ਵਿਭਾਗ ਵੱਲੋਂ ਪਿਛਲੇ ਹਫਤੇ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਿਗਿਆਨ ਵਿਸ਼ੇ ਦੀਆਂ ਐਕਟੀਵਿਟੀਜ਼ ਭੇਜਣੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਹਨਾਂ ਐਕਟੀਵਿਟੀਜ਼ ਵਿੱਚ ਵਿਦਿਆਰਥੀਆਂ ਨੇ ਵਿਸ਼ੇਸ਼ ਦਿਲਚਸਪੀ ਤੇ ਭਾਰੀ ਉਤਸ਼ਾਹ ਦਿਖਾਇਆ ਹੈ। ਇਸ ਸਬੰਧੀ ਵਿਗਿਆਨ ਵਿਸ਼ੇ ਦੇ ਸਟੇਟ ਕੋਆਰਡੀਨੇਟਰ ਸੁਸ਼ੀਲ ਭਾਰਦਵਾਜ ਨੇ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਘਰੇਲੂ ਸਮਾਨ ਦੀ ਵਰਤੋਂ ਕਰਦਿਆਂ ਐਕਟੀਵਿਟੀ ਰਾਹੀਂ ਚੁੰਬਕੀ ਸੂਈ ਬਣਾਉਣਾ ਸਿਖਾਇਆ ਗਿਆ ਅਤੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ 'ਜੜ੍ਹਤਾ' ਦੀ ਧਾਰਨਾ ਨੂੰ ਸਮਝਾਉਣ ਲਈ ਕਿਰਿਆ ਕਰਵਾਈ ਗਈ। ਉਹਨਾਂ ਦੱਸਿਆ ਕਿ ਇਹਨਾਂ ਐਕਟੀਵਿਟੀਜ਼ ਵਿੱਚ ਵਿਸ਼ੇਸ਼ ਉਤਸ਼ਾਹ ਦਿਖਾਉਂਦਿਆਂ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਦੇ 92731 ਅਤੇ ਨੌਵੀਂ ਤੇ ਦਸਵੀਂ ਜਮਾਤ ਦੇ 56984 ਵਿਦਿਆਰਥੀਆਂ ਨੇ ਭਾਗ ਲਿਆ। ਉਹਨਾਂ ਦੱਸਿਆ ਕਿ ਭਵਿੱਖ ਵਿੱਚ ਵੀ ਹਰ ਸੋਮਵਾਰ ਨੂੰ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਇਹ ਐਕਟੀਵਿਟੀਜ਼ ਭੇਜੀਆਂ ਜਾਇਆ ਕਰਨਗੀਆਂ। ਸ੍ਰੀ ਭਾਰਦਵਾਜ਼ ਨੇ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਵਿਭਾਗ ਵੱਲੋਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਹੀ ਵਿਗਿਆਨ ਦੀਆਂ ਆਨਲਾਈਨ ਐਕਟੀਵੀਟੀਜ਼ ਆਰੰਭ ਕੀਤੀਆਂ ਗਈਆਂ ਹਨ।
Total Responses : 189