ਰਜਨੀਸ਼ ਸਰੀਨ
ਲੁਧਿਆਣਾ, 19 ਸਤੰਬਰ 2020 - ਸਰਕਾਰੀ ਸਕੂਲ ਅਧਿਆਪਕਾਂ ਵੱਲੋਂ ਸਮਰਪਣ ਭਾਵਨਾ ਨਾਲ ਕੀਤੇ ਜਾ ਰਹੇ ਸਿੱਖਿਆ ਪ੍ਰਤੀ ਅਣਥੱਕ ਯਤਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸ਼ਲਾਘਾ ਕਰਨ ਦੇ ਉਦੇਸ਼ ਨਾਲ ਸਿੱਖਿਆ ਵਿਭਾਗ, ਪੰਜਾਬ ਨੇ ਜ਼ਿਲ੍ਹਾ ਪੱਧਰ 'ਤੇ 'ਸਿੱਖਿਆ ਸੁਧਾਰ ਮੁਹਿੰਮ' ਤਹਿਤ ਪਹਿਲੀ ਵਾਰ ਅਧਿਆਪਕ ਪੰਦਰਵਾੜਾ 5 ਤੋਂ 19 ਸਤੰਬਰ ਤੱਕ ਮਨਾਇਆ। ਇਸ ਪੰਦਰਵਾੜੇ ਦੌਰਾਨ ਸਕੂਲ ਅਧਿਆਪਕਾਂ ਨੂੰ ਉਹਨਾਂ ਦੇ ਵੱਲੋਂ ਸਿੱਖਿਆ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਕੋਵੀਡ -19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਲੁਧਿਆਣਾ ਵਿਖੇ ਇੱਕ 'ਵਰਚੂਅਲ ਸਨਮਾਨ ਸਮਾਰੋਹ' ਆਯੋਜਿਤ ਕੀਤਾ ਗਿਆ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ, ਮੁੱਖ ਦਫ਼ਤਰ ਅਤੇ ਜ਼ਿਲ੍ਹਾ ਅਧਿਕਾਰੀਆਂਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਇਸ ਆਨ-ਲਾਈਨ ਸਮਾਰੋਹ ਵਿੱਚ ਭਾਗ ਲਿਆ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਅਧਿਆਪਕਾਂ ਦੀਆਂ ਸਮਰਪਿਤ ਕੋਸ਼ਿਸ਼ਾਂ ਤੋਂ ਬਿਨਾਂ ਪੰਜਾਬ ਸਰਕਾਰ ਲਈ ਸਿੱਖਿਆ ਵਿਚ ਗੁਣਾਤਮਕ ਸੁਧਾਰ ਲਿਆਉਣ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣਾ ਅਸੰਭਵ ਸੀ। ਸਕੂਲ ਅਧਿਆਪਕਾਂ ਨੇ ਸਰਕਾਰੀ ਗ੍ਰਾਂਟਾਂ ਦੀ ਸੁਚੱਜੀ ਅਤੇ ਯੋਗ ਵਰਤੋਂ ਤਾਂ ਕੀਤੀ ਹੀ ਹੈ ਇਸ ਦੇ ਨਾਲ-ਨਾਲ ਸਮੁਦਾਇ ਨੂੰ ਦੀ ਸਹਾਇਤਾ ਨਾਲ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਯਤਨ ਕੀਤੇ ਹਨ ਅਤੇ ਲਗਾਤਾਰ ਕਰ ਵੀ ਰਹੇ ਹਨ। ਦਾਖ਼ਲਾ ਮੁਹਿੰਮ 'ਈਚ ਵਨ, ਬਰਿੰਗ ਵਨ', 'ਸਮਾਰਟ ਸਕੂਲ', 'ਮਿਸ਼ਨ ਸ਼ਤ-ਪ੍ਰਤੀਸ਼ਤ', ਪਾਠ ਪੁਸਤਕਾਂ ਦੀ ਵੰਡ, ਮਿਡ ਡੇਅ ਮੀਲ, ਪੰਜਾਬ ਐਜੂਕੇਅਰ ਐਪ ਨੂੰ ਤਿਆਰ ਕਰਨ, ਪੰਜਾਬ ਪ੍ਰਾਪਤੀ ਸਰਵੇਖਣ ਅਤੇ ਘਰ ਬੈਠੇ ਆਨ ਲਾਈਨ ਸਿੱਖਿਆ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਅਧਿਆਪਕਾਂ ਦਾ ਵਡਮੁੱਲਾ ਸਹਿਯੋਗ ਰਿਹਾ ਹੈ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਪਿਛਲੇ ਛੇ ਮਹੀਨਿਆਂ ਤੋਂ ਸਕੂਲ ਬੰਦ ਹਨ। ਪਰ ਇਹ ਸੱਚਮੁੱਚ ਹੈਰਾਨੀ ਦੀ ਗੱਲ ਹੈ ਕਿ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਇੰਨੇ ਸਹਿਜਤਾ ਨਾਲ ਆਪਣਾ ਰਿਸ਼ਤਾ ਮਜ਼ਬੂਤ ਕੀਤਾ ਹੈ ਕਿ ਵਿਦਿਆਰਥੀ ਆਪਣੀ ਪੜ੍ਹਾਈ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਭਾਵੀ ਸੰਦੇਸ਼ ਭੇਜ ਰਹੇ ਸਨ। ਅਧਿਆਪਕਾਂ ਦੁਆਰਾ 'ਸਿੱਖਿਆ ਸੁਧਾਰ ਮੁਹਿੰਮ' ਨੂੰ ਅਸਲ ਵਿੱਚ ਇੱਕ ਸਮੂਹਿਕ ਅੰਦੋਲਨ ਵਿਚ ਬਦਲ ਦਿੱਤਾ ਗਿਆ ਹੈ। ਇਸਦਾ ਸਹਿਜੇ ਹੀ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 'ਵਰਚੁਅਲ ਮਾਪੇ ਅਧਿਆਪਕ ਮਿਲਣੀ ਹਫ਼ਤੇ' ਦੌਰਾਨ ਸਰਕਾਰੀ ਸਕੂਲ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ ਦਾ ਜਾਇਜ਼ਾ ਲੈਣ ਲਈ 18 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਹੈ। ਆਨ ਲਾਈਨ ਐਜੂਕੇਸ਼ਨ ਨੂੰ ਬਿਹਤਰ ਬਣਾਉਣ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਮਾਪਿਆਂ ਦੇ ਸੁਝਾਅ ਵੀ ਲਏ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦਾ ਆਨਲਾਈਨ ਬਸਤਾ ਰੂਪੀ ਪੰਜਾਬ ਐਜੂਕੇਅਰ ਐਪ ਬਾਰੇ ਉਹਨਾਂ ਕਿਹਾ ਕਿ ਵਿਭਾਗ ਨੂੰ ਜ਼ਿਲ੍ਹਾ ਜਲੰਧਰ ਦੇ ਤਕਨੀਕੀ ਮਾਹਿਰ ਅਧਿਆਪਕਾਂ 'ਤੇ ਮਾਣ ਹੈ ਜਿਹਨਾਂ ਨੇ ਅਣਥੱਕ ਮਿਹਨਤ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਨੂੰ ਹੋਰ ਸੁਖਾਲਾ ਬਣਾਉਣ ਲਈ ਪੰਜਾਬ ਐਜੂਕੇਅਰ ਐਪ ਬਣਾ ਕੇ ਸਿੱਖਿਆ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ। ਉਹਨਾਂ ਕਿਹਾ ਕਿ ਇਹ ਐਪ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਹਰਮਨਪਿਆਰੀ ਐਪ ਬਣ ਚੁੱਕੀ ਹੈ ਜਿਸਦੀ ਰੋਜ਼ਾਨਾ ਵਰਤੋਂ ਕਰਕੇ ਲੱਖਾਂ ਵਿਦਿਆਰਥੀ ਇਸਦਾ ਲਾਹਾ ਲੈ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.)ਰਾਮਪਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.)ਰਾਜੀਵ ਜੋਸ਼ੀ , ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.), ਗੁਰਚਰਨ ਸਿੰਘ ਨੇ ਵੀ ਵੈਬੀਨਾਰ ਨੂੰ ਸੰਬੋਧਨ ਕੀਤਾ ਅਤੇ ਅਧਿਆਪਕਾਂ ਦੇ ਸਮਰਪਣ ਭਾਵਨਾ ਦੀ ਸ਼ਲਾਘਾ ਕੀਤੀ।