ਬਰਨਾਲਾ, 20 ਸਤੰਬਰ 2020 - ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਨਵੀਂ ਦਿੱਲੀ ਨੇ ਸਥਾਨਕ ਐਸ ਡੀ ਕਾਲਜ ਨੂੰ ਤਿੰਨ ਨਵੇਂ ਬੈਚਲਰ ਆਫ਼ ਵੋਕੇਸ਼ਨਲ (ਬੀ.ਵੋਕ) ਕੋਰਸ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਜੀਸੀ ਵੱਲੋਂ ਇਸ ਸਕੀਮ ਅਧੀਨ ਚੁਣੇ ਗਏ ਕਾਲਜਾਂ ਨੂੰ ਦਿੱਤੇ ਗਏ ਕਿੱਤਾ ਮੁਖੀ ਕੋਰਸਾਂ ਦੀ ਜਾਰੀ ਸੂਚੀ ਵਿਚ ਐਸ ਡੀ ਕਾਲਜ ਨੂੰ ਮੀਡੀਆ ਐਂਟਰਟੇਂਮੈਂਟ/ ਜਰਨਲਿਜ਼ਮ ਐਂਡ ਮਲਟੀ ਮੀਡੀਆ ਟੈਕਨਾਲੋਜੀ, ਹੈਲਥ ਕੇਅਰ / ਨਿਊਟਰੀਸ਼ਨ ਐਂਡ ਹੈਲਥ ਕੇਅਰ ਸਾਇੰਸ ਅਤੇ ਆਈ. ਟੀ/ ਸਾਫ਼ਟ ਵੇਅਰ ਡਿਵੈਲਪਮੈਂਟ ਕੋਰਸ ਸ਼ਾਮਿਲ ਹਨ। ਇਹਨਾਂ ਕੋਰਸਾਂ ਲਈ ਘੱਟ ਤੋਂ ਘੱਟ ਵਿੱਦਿਅਕ ਯੋਗਤਾ ਬਾਰ੍ਹਵੀਂ ਜਮਾਤ ਰੱਖੀ ਗਈ ਹੈ। ਦਾਖ਼ਲੇ ਲਈ ਕੋਈ ਉਮਰ ਸੀਮਾ ਨਹੀਂ ਹੈ। ਇਹਨਾਂ ਕੋਰਸਾਂ ਦੀ ਖ਼ਾਸ ਗੱਲ ਇਹ ਹੈ ਕਿ ਵਿਦਿਆਰਥੀ ਇੱਕ ਸਾਲ ਦਾ ਡਿਪਲੋਮਾ, ਦੋ ਸਾਲ ਦਾ ਐਡਵਾਂਸ ਡਿਪਲੋਮਾ ਜਾਂ ਤਿੰਨ ਸਾਲ ਦੇ ਬੈਚੁਲਰ ਡਿਗਰੀ ਵਿੱਚੋਂ ਕਿਸੇ ਵਿਚ ਵੀ ਚੋਣ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕਾਲਜ ਅੰਦਰ ਪਹਿਲਾਂ ਹੀ ਮੈਡੀਕਲ ਲੈਬੋਰੇਟਰੀ ਐਂਡ ਮੋਲੀਕਿਊਲਰ ਡਾਇਗਨੌਸਟਿਕ ਟੈਕਨੋਲੋਜੀ ਵਿਸ਼ੇ ਦਾ ਬੀ. ਵੋਕ ਕੋਰਸ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ। ਕਾਲਜ ਨੂੰ ਮਿਲੇ ਇਹਨਾਂ ਨਵੇਂ ਮਾਣਮੱਤੇ ਕਿੱਤਾ ਮੁਖੀ ਕੋਰਸਾਂ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਸਮੂਹ ਸਟਾਫ਼ ਨੂੰ ਵਧਾਈਆਂ ਦਿੱਤੀਆਂ ਹਨ।