ਸਰਕਾਰੀ ਸਕੂਲਾਂ ਦੇ ਲੱਗਭੱਗ 24 ਲੱਖ ਵਿਦਿਆਰਥੀ ਲੈ ਰਹੇ ਹਨ ਭਾਗ
ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ 1 ਲੱਖ 99 ਹਜ਼ਾਰ ਵਿਦਿਆਰਥੀ ਵੀ ਲੈ ਰਹੇ ਹਨ ਭਾਗ
ਐੱਸ.ਏ.ਐੱਸ.ਨਗਰ 21 ਸਤੰਬਰ 2020 - ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖਿਆ ਸਕੱਤਰ ਜੀ ਦੀ ਯੋਗ ਅਗਵਾਈ ਅਧੀਨ ਸਕੂਲੀ ਸਿੱਖਿਆ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ। ਇਸ ਕੋਰੋਨਾ ਮਹਾਂਮਾਰੀ ਦੇ ਮੁਸ਼ਕਲ ਦੌਰ ਕਾਰਨ ਜਿੱਥੇ ਸਕੂਲ ਬੰਦ ਹਨ ਉੱਥੇ ਵਿਭਾਗ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲਾਕਡਾਊਨ ਦੇ ਸਮੇਂ ਤੋਂ ਹੀ ਜਾਰੀ ਰੱਖਿਆ ਹੋਇਆ ਹੈ। ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਆਨ-ਲਾਈਨ ਕਲਾਸਾਂ ਦਾ ਪ੍ਰਬੰਧ ਕਰਨ ਲਈ ਟੈਲੀਵਿਜ਼ਨ, ਰੇਡੀਓ, ਯੂ-ਟਿਊਬ, ਜ਼ੂਮ ਐਪ, ਗੂਗਲ ਡਰਾਈਵ, ਵਟਸਐਪ, ਪੰਜਾਬ ਐਜੂਕੇਅਰ ਐਪ ਅਤੇ ਹੋਰ ਸਾਧਨਾਂ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ।
ਸਿੱਖਿਆ ਵਿਭਾਗ ਵੱਲੋਂ ਇਸ ਸਮੇਂ ਦੌਰਾਨ ਵਿਦਿਆਰਥੀਆਂ ਦੇ ਸਿੱਖਣ-ਪੱਧਰਾਂ ਦਾ ਮੁਲਾਂਕਣ ਕਰਨ ਲਈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ ‘ਪੰਜਾਬ ਪ੍ਰਾਪਤੀ ਸਰਵੇਖਣ-2020' ਕਰਵਾਇਆ ਜਾ ਰਿਹਾ ਹੈ। ਇਸ ਸਰਵੇਖਣ ਵਿੱਚ ਪ੍ਰਾਇਮਰੀ, ਅਪਰ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀ ਸ਼ਾਮਿਲ ਹੋ ਰਹੇ ਹਨ। ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਸਰਵੇਖਣ 21 ਸਤੰਬਰ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਸਰਵੇਖਣ ਲਈ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਵਿੱਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਸਰਵੇਖਣ ਲਈ ਵਿਭਾਗ ਦੇ ਸਾਰੇ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਪੱਬਾਂ ਭਾਰ ਹਨ। ਅਧਿਆਪਕ ਅਤੇ ਸਕੂਲ ਮੁਖੀ ਬੱਚਿਆਂ ਨੂੰ ਇਸ ਸਰਵੇਖਣ ਸੰਬੰਧੀ ਹਰ ਪੱਖੋਂ ਜਾਗਰੂਕ ਕਰ ਰਹੇ ਹਨ। ਸਾਰੇ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਆਈ ਡੀਜ਼ ਜਾਰੀ ਕੀਤੀਆਂ ਗਈਆਂ ਹਨ, ਜਿਸ ਨੂੰ ਭਰ ਵਿਦਿਆਰਥੀ ਇਸ ਸਰਵੇਖਣ ਵਿੱਚ ਭਾਗ ਲੈ ਰਹੇ ਹਨ। ਅਧਿਆਪਕਾਂ ਅਤੇ ਸਕੂਲ ਮੁਖੀਆਂ ਵਿੱਚ ਇਸ ਸਰਵੇਖਣ ਲਈ ਇੰਨਾ ਉਤਸ਼ਾਹ ਹੈ ਕਿ ਉਹ ਵਿਦਿਆਰਥੀਆਂ ਤੱਕ ਪਹੁੰਚ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਹਰ ਤਰੀਕਾ ਅਪਣਾ ਰਹੇ ਹਨ ਅਤੇ ਕਈ ਅਧਿਆਪਕ ਅਤੇ ਸਕੂਲ ਮੁਖੀ ਸਰਵੇਖਣ ਕਰਵਾਉਣ ਲੲੀ ਵਿਦਿਆਰਥੀਆਂ ਤੱਕ ਪਹੁੰਚ ਕਰਨ ਲਈ ਖੁਦ ਉਹਨਾਂ ਦੇ ਘਰ ਤੱਕ ਵੀ ਜਾ ਰਹੇ ਹਨ। ਮਾਪਿਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਮਾਪੇ ਖ਼ੁਦ ਨਿਗਰਾਨ ਬਣਕੇ ਬੱਚਿਆਂ ਦੇ ਟੈਸਟ ਕਰਵਾ ਰਹੇ ਹਨ। ਬੱਚਿਆਂ ਦੇ ਸਰਵੇਖਣ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਆਪਕ ਵਿਦਿਆਰਥੀਆਂ ਨੂੰ ਲਿਖਤੀ ਅਤੇ ਜੁ਼ਬਾਨੀ ਮੈਸੇਜ ਭੇਜ ਕੇ ਅਗਵਾਈ ਕਰ ਰਹੇ ਹਨ। ਵਿਭਾਗ ਵੱਲੋਂ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਇਸ ਸਰਵੇਖਣ ਵਿੱਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ 10 ਬਹੁਵਿਕਲਪੀ ਪ੍ਰਸ਼ਨ ਰੱਖੇ ਹਨ ਅਤੇ ਹਰ ਪ੍ਰਸ਼ਨ ਦੇ ਦੋ ਅੰਕ ਹਨ। ਦੂਜੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦੋ-ਦੋ ਅੰਕਾਂ ਦੇ 15 ਪ੍ਰਸ਼ਨ ਰੱਖੇ ਹਨ। ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ-ਦੋ ਅੰਕਾਂ ਦੇ 20 ਪ੍ਰਸ਼ਨ ਰੱਖੇ ਹਨ। ਇਸ ਸਰਵੇਖਣ ਵਿੱਚ ਅਗਸਤ ਤੱਕ ਦਾ ਸਿਲੇਬਸ ਅਾਵੇਗਾ। ਮੁੱਖ ਦਫ਼ਤਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਰੇਕ ਟੈਸਟ ਤੋਂ ਇੱਕ ਦਿਨ ਪਹਿਲਾਂ ਲਿੰਕ ਭੇਜਿਆ ਜਾ ਰਿਹਾ ਹੈ ਜੋ ਭੇਜਣ ਤੋਂ ਦੋ ਦਿਨਾਂ ਤੱਕ ਖੁੱਲ੍ਹਾ ਰਹਿਆ ਕਰੇਗਾ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 21 ਸਤੰਬਰ ਨੂੰ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਦਾ ਪੰਜਾਬੀ, ਛੇਵੀਂ ਜਮਾਤ ਦਾ ਗਣਿਤ, ਸੱਤਵੀਂ ਜਮਾਤ ਦਾ ਵਿਗਿਆਨ, ਅੱਠਵੀਂ ਜਮਾਤ ਦਾ ਪੰਜਾਬੀ, ਨੌਵੀਂ ਜਮਾਤ ਦਾ ਸਮਾਜਿਕ ਸਿੱਖਿਆ, ਦਸਵੀਂ ਜਮਾਤ ਦਾ ਅੰਗਰੇਜ਼ੀ, ਗਿਆਰ੍ਹਵੀਂ ਜਮਾਤ ਦਾ ਪੰਜਾਬੀ ਜਨਰਲ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਅੰਗਰੇਜ਼ੀ ਜਨਰਲ ਵਿਸ਼ੇ ਦਾ ਟੈਸਟ ਹੋ ਚੁੱਕਾ ਹੈ। ਜਿਸ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ। ਵਿਭਾਗ ਦੇ ਬੁਲਾਰੇ ਅਨੁਸਾਰ ਇਸ ਸਰਵੇਖਣ ਵਿੱਚ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ 23 ਲੱਖ 77 ਹਜ਼ਾਰ ਵਿਦਿਆਰਥੀ ਭਾਗ ਲੈ ਰਹੇ ਹਨ ਅਤੇ ਇਸ ਤੋਂ ਇਲਾਵਾ ਏਡਿਡ ਸਕੂਲਾਂ ਦੇ ਵਿਦਿਆਰਥੀ ਵੀ ਭਾਗ ਲੈ ਰਹੇ ਹਨ। ਇਸ ਸਰਵੇਖਣ ਵਿੱਚ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਪਹਿਲੀ ਜਮਾਤ ਦੇ 1 ਲੱਖ 84 ਹਜ਼ਾਰ, ਦੂਜੀ ਜਮਾਤ ਦੇ 1 ਲੱਖ 94 ਹਜ਼ਾਰ, ਤੀਜੀ ਜਮਾਤ ਦੇ 1 ਲੱਖ 71 ਹਜ਼ਾਰ, ਚੌਥੀ ਜਮਾਤ ਦੇ 1 ਲੱਖ 95 ਹਜ਼ਾਰ ਅਤੇ ਪੰਜਵੀਂ ਜਮਾਤ ਦੇ 2 ਲੱਖ ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਹਨ।
ਇਸ ਸਰਵੇਖਣ ਵਿੱਚ ਸਰਕਾਰੀ ਸਕੂਲਾਂ ਦੇ ਛੇਵੀਂ ਜਮਾਤ ਦੇ 2 ਲੱਖ 8 ਹਜ਼ਾਰ, ਸੱਤਵੀਂ ਜਮਾਤ ਦੇ 2 ਲੱਖ 8 ਹਜ਼ਾਰ, ਅੱਠਵੀਂ ਜਮਾਤ ਦੇ 2 ਲੱਖ 3 ਹਜ਼ਾਰ, ਨੌਵੀਂ ਜਮਾਤ ਦੇ 2 ਲੱਖ 27 ਹਜ਼ਾਰ, ਦਸਵੀਂ ਜਮਾਤ ਦੇ 1ਲੱਖ 99 ਹਜ਼ਾਰ, ਗਿਆਰ੍ਹਵੀਂ ਜਮਾਤ ਦੇ 2 ਲੱਖ 15 ਹਜ਼ਾਰ ਅਤੇ ਬਾਰ੍ਹਵੀਂ ਜਮਾਤ ਦੇ 1 ਲੱਖ 76 ਹਜ਼ਾਰ ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਤੋਂ ਇਲਾਵਾ ਇਸ ਸਰਵੇਖਣ ਵਿੱਚ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ 1 ਲੱਖ 99 ਹਜ਼ਾਰ ਵਿਦਿਆਰਥੀ ਵੀ ਭਾਗ ਲੈ ਰਹੇ ਹਨ।