ਹਰੀਸ਼ ਕਾਲੜਾ
ਨੂਰਪੁਰ ਬੇਦੀ, 22 ਸਤੰਬਰ 2020 - ਕਰੋਨਾ ਮਹਾਂਮਾਰੀ ਦੇ ਦੋਰ ਵਿੱਚ ਜਿਥੇ ਕਰੋਨਾ ਨੂੰ ਹਰਾਉਣ ਲਈ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਪੂਰੀ ਮਿਹਨਤ ਲਗਨ ਅਤੇ ਤਨਦੇਹੀ ਨਾਲ ਸਮਰਪਨ ਦੀ ਭਾਵਨਾ ਅਪਣਾਉਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਲੱਗੇ ਹੋਏ ਹਨ ਉਥੇ ਸਿੱਖਿਆ ਵਿਭਾਗ ਵਲੋਂ ਵੀ ਆਪਣੇ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਬੇਹੱਤਰ ਅਤੇ ਢੁਕਵੀਂ ਸਿੱਖਿਆ ਦੇਣ ਦੇ ਲਈ ਆਨ ਲਾਈਨ ਸਿੱਖਿਆ ਦਾ ਸਹਾਰਾ ਲਿਆ ਜਾ ਰਿਹਾ ਹੈ। ਵੱਖ ਵੱਖ ਤਕਨੀਕੀ ਮਾਧਿਅਮਾਂ ਰਾਹੀ ਆਪਣੇ ਵਿਦਿਆਰਥੀਆਂ ਨੂੰ ਸਰਲ ਢੰਗ ਨਾਲ ਇਹ ਸਿੱਖਿਆ ਹਾਸਲ ਕਰਵਾਉਣ ਵਿੱਚ ਲੱਗੇ ਅਧਿਆਪਕ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨਾਲ ਵੀ ਬੇਹੱਤਰ ਤਾਲਮੇਲ ਬਣਾ ਕੇ ਰੱਖ ਰਹੇ ਹਨ ਤਾਂ ਜੋ ਸੰਸਾਰ ਭਰ ਵਿੱਚ ਚੱਲ ਰਹੇ ਮੁਕਾਬਲੇਬਾਜੀ ਦੇ ਦੋਰ ਵਿੱਚ ਆਪਣੇ ਵਿਦਿਆਰਥੀਆਂ ਨੂੰ ਸਮੇ ਦੇ ਹਾਣੀ ਬਣਾਇਆ ਜਾ ਸਕੇ।
ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਦੇ ਕਥਨ ਨੂੰ ਪੜ੍ਹਨ ਸੁਣਨ ਵਾਲਿਆ ਦੀ ਕੋਈ ਕਮੀਂ ਨਹੀਂ ਪਰ ਲੋੜ ਹੈ ਇਸ ਕਥਨ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਦੀ । ਅੱਜ ਦਾ ਯੁੱਗ ਮੁਕਾਬਲੇਬਾਜੀ ਦਾ ਯੁੱਗ ਹੈ ਜਿੱਥੇ ਮਾਪਿਆਂ ਵਲੋਂ ਆਪਣੀ ਵਿੱਤੀ ਸਥਿਤੀ ਅਤੇ ਸਮਰੱਥਾ ਤੋਂ ਬਾਹਰ ਜਾ ਕੇ ਵੀ ਮਹਿੰਗੇ ਕੌਨਵੈਂਟ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਵਿੱਦਿਆ ਗ੍ਰਹਿਣ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਬਲਾਕ ਨੂਰਪੁਰ ਬੇਦੀ ਦੇ ਵਿੱਚ ,ਹਿਮਾਚਲ ਪ੍ਰਦੇਸ਼ ਅਤੇ ਜਿਲ੍ਹਾ ਹੁਸ਼ਿਆਰਪੁਰ ਦੀ ਸਰਹੱਦ ਨਾਲ ਲਗਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਗਲ ਨੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਮੀਲ ਪੱਥਰ ਕਾਇਮ ਕੀਤੇ ਹਨ । ਇਸ ਸਕੂਲ ਦੇ ਸਟੇਟ ਐਵਾਰਡੀ ਅਧਿਆਪਕਾ ਪ੍ਰਭਦੀਪ ਕੌਰ ਅਤੇ ਸਮੂਹ ਅਧਿਆਪਕਾਂ ਦੇ ਅਣਥੱਕ ਯਤਨਾਂ ਸਦਕਾ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਤੇਜੀ ਨਾਲ ਇਸ ਸਕੂਲ ਵਿੱਚ ਦਾਖਲ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਥੋੜੇ ਸਮੇਂ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਇਸ ਸਕੂਲ ਵਿੱਚ ਹਰ ਸੁਖ ਸਹੂਲਤ ਮੌਜੂਦ ਹੈ ਜਿੱਥੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਮਾਪਿਆਂ ਦੇ ਲਾਡਲੇ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ। ਇਥੇ ਸਮਾਰਟ ਕਲਾਸ ਰੂਮ, ਰੀਡਿੰਗ ਸੈਲ,ਸਹਾਇਕ ਸਮੱਗਰੀ ਨਾਲ ਲੈਸ ਇਹ ਸਕੂਲ ਜਿੱਥੇ ਸਿੱਖਿਆ ਦੇ ਖੇਤਰ ਵਿਚ ਮੁਹਰਲੀ ਕਤਾਰ ਵਿਚ ਖੜ੍ਹਾ ਹੈ ਉਥੇ ਖੇਡਾਂ ਵਿਚ ਵੀ ਏਥੋਂ ਦੇ ਵਿਦਿਆਰਥੀਆਂ ਨੇ ਰਾਜ ਪੱਧਰ ਤੇ ਆਪਣੇ ਝੰਡੇ ਗੱਡ ਕੇ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਮਿਹਨਤ ਨੂੰ ਤਸਦੀਕ ਕੀਤਾ ਹੈ।
ਕਰੋਨਾ ਮਹਾਂਮਾਰੀ ਦੇ ਦੌਰਾਨ ਵੀ ਇਸ ਸਕੂਲ ਨੇ ਬੱਚਿਆਂ ਦੀ ਪੜ੍ਹਾਈ ਲਈ ਮੁਕੰਮਲ ਪ੍ਰਬੰਧ ਕੀਤੇ ਹੋਏ ਹਨ। ਸਕੂਲ ਦੇ ਅਧਿਆਪਕਾਂ ਨੇ ਹਰ ਯੋਗ ਸਾਧਨ ਰਾਹੀਂ ਬੱਚਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਬੱਚਿਆਂ ਦੇ ਮਾਪਿਆਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ , ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ઠਕਰਵਾਏ ਜਾ ਰਹੇ ਮੁਕਾਬਲਿਆਂ ਵਿਚ ਵੀ ਇਸ ਸਕੂਲ ਦੇ ਬੱਚਿਆਂ ਵਲੋਂ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਜਾ ਚੁੱਕੀਆਂ ਹਨ। ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਪ੍ਰੋਗਰਾਮ ਦੇ ਤਹਿਤ ਸਕੂਲ ਪ੍ਰਬੰਧਕ, ਸਕੂਲ ਦਾ ਸਟਾਫ ਆਪਣੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆ ਨੂੰ ਲਾਗਤਾਰ ਕਰੋਨਾ ਮਹਾਂਮਾਰੀ ਤੋਬਚਾਅ ਲਈ ਪੰਜਾਬ ਸਰਕਾਰ ਵਲੋਂ ਜਾਰੀ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਦੇ ਦਿੱਤੇ ਨਿਰਦੇਸ ਬਾਰੇ ਜਾਣਕਾਰੀ ਉਪਲੱਬਧ ਕਰਵਾ ਰਿਹਾ ਹੈ। ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆ ਨੂੰ ਘਰ ਤੋਂ ਬਾਹਰ ਨਿਕਲਣ ਵੇਲੇ ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ ਤੇ ਵਾਰ ਵਾਰ ਹੱਥ ਧੋਣ ਅਤੇ ਸਾਫ ਸਫਾਈ ਰੱਖਣ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ। ਸਕੂਲ ਦੇ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡਾ ਇਜਾਫਾ ਹੋਇਆ ਹੈ।
ਜਿਕਰਯੋਗ ਹੈ ਕਿ ਮੈਡਮ ਪ੍ਰਭਦੀਪ ਕੌਰ ਵਲੋਂ ਆਪਣੇ ਪੱਧਰ ਤੇ ਲੋਕਾਂ ਦੀ ਸਹਾਇਤਾ ਨਾਲ ਸਕੂਲ ਦਾ ਚੋਤਰਫਾ ਵਿਕਾਸ ਕਰਵਾਇਆ ਹੈ। ਸਕੂਲ ਦੇ ਵਿਦਿਆਰਥੀਆਂ ਵਿੱਚ ਸੁੰਦਰ ਲਿਖਾਈ ਤੇ ਹੋਰ ਵਿਦਿਅਕ ਗਤੀਵਿਧੀਆਂ ਵਿਚ ਜਿਕਰਯੋਗ ਹੁਨਰ ਹੈ। ਸਕੂਲ ਵਿੱਚ ਪਿਛਲੇ ਕਈ ਸਾਲਾਂ ਤੋਂ ਸਮਰ ਕੈਂਪ ਲਗਾਏ ਜਾਂਦੇ ਹਨ ਅਤੇ ਨਵੋਦਿਆ ਵਿਦਿਆਲਿਆ ਦੇ ਦਾਖਲੇ ਲਈ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਹੈ।ਅਜਿਹੇ ਸਰਕਾਰੀ ਸਕੂਲਾਂ ਤੋਂ ਹੋਰਨਾਂ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।