ਵਾਤਾਵਰਣ ਦੀ ਸੰਭਾਲ ਲਈ ਕੂੜਾ ਕਰਕਟ ਦਾ ਪੱਕਾ ਪ੍ਰਬੰਧ ਸਮੇਂ ਦੀ ਮੁੱਖ ਜ਼ਰੂਰਤ- ਮਾਹਿਰ
ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਬਠਿੰਡਾ ਵਿਖੇ “ਵੇਸਟ ਟੈਕਨਾਲੋਜੀ” ਵਿਸ਼ੇ ਤੇ 5 ਰੋਜ਼ਾ ਆਨ ਲਾਈਨ ਫੈਕਲਟੀ ਟ੍ਰੇਨਿੰਗ ਪ੍ਰੋਗਰਾਮ ਦਾ ਸ਼ਾਨਦਾਰ ਆਯੋਜਨ...
ਬਠਿੰਡਾ, 29 ਸਤੰਬਰ, 2020:
ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਲੋਂ “ਵੇਸਟ ਟੈਕਨਾਲੋਜੀ” ਵਿਸ਼ੇ ਤੇ 5 ਰੋਜ਼ਾ ਆਨ ਲਾਈਨ ਫੈਕਲਟੀ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਸਫ਼ਲਤਾ ਪੂਰਵਕ ਅੱਜ ਇਥੇ ਸਮਾਪਤ ਹੋਇਆ।
ਇਹ ਪ੍ਰੋਗਰਾਮ ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜੁਕੇਸ਼ਨ (ਏ.ਆਈ.ਸੀ.ਟੀ.ਈ.) ਟ੍ਰੇਨਿੰਗ ਐਂਡ ਲਰਨਿੰਗ ਅਕੈਡਮੀ ਵਲੋਂ ਸਪੌਂਸਰ ਕੀਤਾ ਗਿਆ ਸੀ। ਇਸ ਸਿਖਲਾਈ ਪ੍ਰੋਗਰਾਮ ਵਿੱਚ 194-ਰਜਿਸਟਰਡ ਉਮੀਦਵਾਰਾਂ ਸਮੇਤ ਉੱਘੇ ਸਿੱਖਿਆ ਸ਼ਾਸਤਰੀਆਂ; ਪੰਜਾਬ ਤੋਂ ਇਲਾਵਾ ਕੇਰਲਾ ਤੋਂ ਅਰੁਣਾਚਲ ਪ੍ਰਦੇਸ਼ ਤੱਕ ਦੇਸ਼ ਦੇ 18 ਰਾਜਾਂ ਦੇ ਪੇਸ਼ੇਵਰ ਖੋਜ ਵਿਦਵਾਨਾਂ ਨੇ ਭਾਗ ਲਿਆ ਅਤੇ ਗੰਭੀਰ ਵਿਚਾਰ-ਵਟਾਂਦਰੇ ਕੀਤੇ।
ਇਸ ਮੌਕੇ ਸੰਬੋਧਨ ਕਰਦਿਆਂ ਇਸ ਖੇਤਰ ਦੀ ਉੱਘੀ ਸਿੱਖਿਆ ਸ਼ਾਸਤਰੀ ਅਤੇ ਗਿਆਨੀ ਜ਼ੈਲ ਸਿੰਘ ਕੈਂਪਸ ਦੀ ਡਾਇਰੈਟਰ ਅਤੇ ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਦੇ ਡੀਨ (ਅਕਾਦਮਿਕ), ਡਾ. ਸਵੀਨਾ ਬਾਂਸਲ ਨੇ ਇੰਜੀਨੀਅਰਿੰਗ ਅਤੇ ਵਿਗਿਆਨਕ ਭਾਈਚਾਰੇ ਨੂੰ ਵਿਗਿਆਨਕ ਸੁਭਾਅ ਅਤੇ ਨਜ਼ਰੀਆ ਪੈਦਾ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਪੁਰਜ਼ੋਰ ਅਪੀਲ ਕੀਤੀ । ਉਹਨਾਂ ਕਿਹਾ ਕਿ ਦੇਸ਼ ਵਿਚ ਹਰ ਰਹਿੰਦ-ਖੂੰਹਦ ਤੋਂ ਬਚਾਅ ਕਰਨ ਵਾਲੇ ਢੰਗਾਂ ਅਤੇ ਟੈਕਨਾਲੋਜੀ ਦੀ ਵਰਤੋਂ ਨਾਲ ਲਾਭਦਾਇਕ ਉਦੇਸ਼ਾਂ ਲਈ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਕੇ ਸੁਧਾਰਵਾਦੀ ਕਦਮ ਉਠਾਉਣੇ ਸਮੇਂ ਦੀ ਜ਼ਰੂਰਤ ਹੈ। ਉਹਨਾਂ ਜੀ.ਜੈਡ.ਐੱਸ.ਸੀ.ਸੀ.ਈ.ਟੀ., ਬਠਿੰਡਾ ਨੂੰ ਇਹ ਪ੍ਰੋਗਰਾਮ ਦੇਣ ਲਈ ਏ.ਆਈ.ਸੀ.ਟੀ.ਈ. ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਮੋਹਨ ਪਾਲ ਸਿੰਘ ਈਸ਼ਰ ਨੇ ਰਹਿੰਦ-ਖੂੰਹਦ ਅਤੇ ਇਸ ਦੇ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਤੇ ਚਾਨ੍ਹਣਾ ਪਾਇਆ। ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਬੂਟਾ ਸਿੰਘ ਸਿੱਧੂ ਨੇ ਸ਼ਾਨਦਾਰ ਪ੍ਰਬੰਧ ਲਈ ਪ੍ਰਬੰਧਕਾ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਡੇ ਆਲੇ-ਦੁਆਲੇ ਦੇ ਪੌਦੇ ਅਤੇ ਜੀਵ-ਜੰਤੂਆਂ ਨੂੰ ਖ਼ਤਰੇ ਵਿਚ ਪਾ ਰਹੇ ਉੱਚ ਪੱਧਰੀ ਪ੍ਰਦੂਸ਼ਣ ਦੀ ਰੋਕਥਾਮ ਲਈ ਉਪਰਾਲੇ ਕਰਨੇ ਅਤਿ ਮਹੱਤਵਪੂਰਨ ਹਨ। ਉਹਨਾਂ ਮਨੁੱਖਾਂ ਵਲੋਂ ਪੈਦਾ ਕੀਤਾ ਜਾ ਰਹੇ ਕੂੜੇ ਕਰਕਟ ਦੇ ਬੇਲੋੜੇ ਵਾਧੇ 'ਤੇ ਵੀ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਮਾਹਿਰ ਡਾ. ਵੀ. ਕੇ. ਗਰਗ ਅਤੇ ਡਾ. ਸੁਨੀਲ ਮਿੱਤਲ ਨੇ ਵਰਮੀਟੈਕਨੋਲੋਜੀ ਰਾਹੀਂ ਖਤਰਨਾਕ ਕੂੜੇ ਕਰਕਟ ਅਤੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਵਿਸਥਾਰ ਨਾਲ ਦੱਸਿਆ। ਇਸੇ ਤਰ੍ਹਾਂ ਡਾ. ਐਸ. ਸੀ. ਜੈਨ, ਸਾਬਕਾ ਡੀਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੂੜਾ ਕਰਕਟ ਘੱਟ ਕਰਨ ਦੀਆਂ ਰਣਨੀਤੀਆਂ ਬਿਆਨ ਕੀਤੀਆਂ। ਐਨ.ਆਈ.ਟੀ.ਟੀ.ਟੀ.ਆਰ., ਚੰਡੀਗੜ੍ਹ ਦੇ ਡਾ. ਸੰਜੇ ਸ਼ਰਮਾ ਨੇ ਸੀਵਰੇਜ ਪ੍ਰਬੰਧਨ ਅਤੇ ਸਾਫ਼ ਟੈਕਨੋਲੋਜੀ ਬਾਰੇ ਭਾਸ਼ਣ ਦਿੱਤਾ। ਜਦੋਂ ਕਿ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਦੇ ਡਾ. ਐਸ. ਕੇ. ਸ਼ਰਮਾ ਨੇ ਹਵਾ ਪ੍ਰਦੂਸ਼ਣ ਰੋਕਥਾਮ ਉਪਾਵਾਂ ਬਾਰੇ ਚਾਨਣਾ ਪਾਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਡਾ. ਆਦਰਸ਼ ਪਾਲ ਵਿਗ ਨੇ ਉਦਯੋਗਿਕ ਰਹਿੰਦ ਖੂੰਹਦ ਅਤੇ ਇਸਦੇ ਪ੍ਰਭਾਵਾਂ ਬਾਰੇ ਦੱਸਿਆ।
ਸਥਾਨਕ ਗਿਆਨੀ ਜ਼ੈਲ ਸਿੰਘ ਕੈਂਪਸ, ਬਠਿੰਡਾ ਦੇ ਡਾ. ਸੰਜੀਵ ਅਗਰਵਾਲ ਅਤੇ ਡਾ. ਮਨਜੀਤ ਬਾਂਸਲ ਨੇ ਕ੍ਰਮਵਾਰ ਹਾਈਵੇਅ ਤੇ ਪੈਦਾ ਹੋਣ ਵਾਲੇ ਕੂੜੇ ਕਰਕਟ ਦੇ ਸੁਚਜੇ ਪ੍ਰਬੰਧਨ ਅਤੇ ਰਹਿੰਦ-ਖੂੰਹਦ ਦੀ ਢੁੱਕਵੀਂ ਵਰਤੋਂ ਦੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਇਆ। ਯੂਨੀਵਰਸਿਟੀ ਦੇ ਹੀ ਡਾ. ਰਾਹੁਲ ਅਤੇ ਡਾ. ਸੀਮਾ ਨੇ ਪ੍ਰੋਗਰਾਮ ਦੌਰਾਨ ਬਾਇਓ ਮੈਡੀਕਲ ਅਤੇ ਰਸਾਇਣਕ ਰਹਿੰਦ-ਖੂੰਹਦ ਦੇ ਪ੍ਰਭਾਵਾਂ ਉੱਤੇ ਭਾਸ਼ਣ ਦਿੱਤਾ। ਗਿਆਨੀ ਜ਼ੈਲ ਸਿੰਘ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ, ਡਾ. ਰਾਕੇਸ਼ ਸਿੰਗਲਾ ਨੇ ਇਸ ਸਮਾਰੋਹ ਦੇ ਸੁਚੱਜੇ ਤਾਲਮੇਲ ਲਈ ਵਿਸ਼ੇਸ਼ ਯਤਨ ਕੀਤੇ।
ਫੋਟੋ ਕੈਪਸ਼ਨ:-
1. ਜੀ.ਜ਼ੈਡ.ਐੱਸ.ਸੀ.ਸੀ.ਈ.ਟੀ., ਐਮ.ਆਰ.ਐੱਸ.ਪੀ.ਟੀ.ਯੂ, ਬਠਿੰਡਾ ਦੇ ਡਾਇਰੈਕਟਰ ਡਾ. ਸਵੀਨਾ ਬਾਂਸਲ।
2. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ, ਡੀਨ ਅਤੇ ਕੈਮੀਕਲ ਇੰਜੀਨੀਅਰ ਵਿਭਾਗ ਦੇ ਚੇਅਰਮੈਨ, ਡਾ. ਸੁਰੇਸ਼ ਚੰਦ ਜੈਨ।
3. ਜੀ ਐਨ ਡੀ ਯੂ, ਅੰਮ੍ਰਿਤਸਰ, ਪ੍ਰੋਫੈਸਰ (ਡਾ.) ਆਦਰਸ਼ ਪਾਲ ਵਿੱਗ।
4. ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ ਦੇ ਡੀਨ, ਡਾ. ਵੀ.ਕੇ. ਗਰਗ।