ਹਰੀਸ਼ ਕਾਲੜਾ
ਰੂਪਨਗਰ, 30 ਸਤੰਬਰ 2020 - ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਤੇ ਵੈਬੀਨਾਰ ਲਗਾਇਆ ਗਿਆ। ਇਹ ਵੈਬੀਨਾਰ ਨਾਸ ਰੀਜਨਲ ਚੈਪਟਰ, ਲੁਧਿਆਣਾ ਦੇ ਤਹਿਤ, ਡਾ. ਜੇ. ਐਸ. ਮਾਹਲ, ਡਾਇਰੈਕਟਰ, ਪਸਾਰ ਸਿਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਸਮੱਸਿਆ ਅਤੇ ਪਰਾਲੀ ਦੀ ਸਾਂਭ ਸੰਭਾਲ ਬਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।ਡਾ. ਜੀ. ਐਸ. ਬੁੱਟਰ, ਅਡੀਸ਼ਨਲ ਡਾਇਰੈਕਟਰ, ਪਸਾਰ ਸਿਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ, ਮੀਆਂਪੁਰ, ਰੋਪੜ ਦੇ ਪ੍ਰਿੰਸੀਪਲ ਸ਼੍ਰੀਮਤੀ ਨਿਸ਼ਾ ਸ਼ਰਮਾ, ਸਾਇੰਸ ਅਧਿਆਪਕ, ਸ਼੍ਰੀਮਤੀ ਕਮਲਜੀਤ ਕੌਰ ਅਤੇ 40 ਵਿਦਿਆਰਥੀਆਂ ਨੇ ਔਨਲਾਈਨ ਮੋਢ ਰਾਹੀਂ ਹਿਸਾ ਲਿਆ।
ਡਾ. ਜੀ. ਐਸ. ਮੱਕੜ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ,ਰੋਪੜ ਵੱਲੋਂ ਚੱਲ ਰਹੀ ਪਰਾਲੀ ਦੀ ਸਾਂਭ ਸੰਭਾਲ ਦੀ ਮੁਹਿੰਮ ਬਾਰੇ ਵਿੱਸਥਾਰ ਵਿੱਚ ਜਾਣਕਾਰੀ ਦਿੱਤੀ।ਉਹਨਾ ਨੇ ਵਿਦਿਆਰਥੀਆਂ ਨੂੰ ਪਰਾਲੀ ਨੂੰ ਸਾੜਨ ਨਾਲ ਫੈਲ ਰਹੇ ਪ੍ਰਦੂਸ਼ਨ ਬਾਰੇ ਸੁਚੇਤ ਕੀਤਾ ਅਤੇ ਵਾਤਾਵਰਣ ਦੀ ਸੁਰੱਖਿਆ ਕਰਣ ਵਿੱਚ ਯੋਗਦਾਨ ਪਾਉਣ ਬਾਰੇ ਪ੍ਰੇਰਿਤ ਕੀਤਾ।
ਮਿਸ. ਅੰਕੁਰਦੀਪ ਪ੍ਰੀਤੀ, ਸਹਾਇਕ ਪ੍ਰੋਫੈਸਰ, ਵਣਖੇਤੀ, ਨੇ ਵਾਤਾਵਰਣ ਉੱਤੇ ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨ ਬਾਰੇ ਦੱਸਿਆ ਅਤੇ ਵਾਤਾਵਰਣ ਦੀ ਸੁਰੱਖਿਆ ਵਿੱਚ ਦਰਖਤਾਂ ਦੀ ਅਹਿਮੀਯਤ ਉਤੇ ਚਾਨਣਾ ਪਾਇਆ।ਡਾ. ਉਪਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਮਿੱਟੀ ਵਿਗਿਆਨ, ਨੇ ਖੇਤੀ ਜ਼ਹਿਰਾਂ ਦਾ ਘੱਟ ਤੋਂ ਘੱਟ ਇਸਤਮਾਲ ਕਰਣ ਦੀ ਗੱਲ ਕੀਤੀ ਅਤੇ ਗੰਡੋਇਆਂ ਦੀ ਖਾਦ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਡਾ. ਪ੍ਰਿੰਸੀ, ਸਹਾਇਕ ਪ੍ਰੋਫੈਸਰ, ਗ੍ਰਹਿ ਵਿਗਿਆਨ, ਨੇ ਵਿਦਿਆਰਥੀਆਂ ਵਿੱਚ ਕੁਪੋਸ਼ਣ ਦੀ ਸਮੱਸਿਆ ਨੂੰ ਘਟਾਉਣ ਲਈ ਸੰਤੁਲਿਤ ਆਹਾਰ ਲੈਣ ਤੇ ਜ਼ੋਰ ਪਾਇਆ ਅਤੇ ਸੰਤੁਲਿਤ ਥਾਲੀ ਬਾਰੇ ਜਾਣਕਾਰੀ ਦਿੱਤੀ।