ਅਸ਼ੋਕ ਵਰਮਾ
ਬਠਿੰਡਾ, 16 ਅਕਤੂਬਰ 2020 - ਬਠਿੰਡਾ ਜਿਲੇ ਦੇ ਪਿੰਡ ਰਾਮਗੜ੍ਹ ਭੂੰਦੜ ’ਚ ਸਥਿਤ ਵਿਬਗਿਓਰ ਸਕੂਲ ਸਿੱਖਿਆ ਮੰਤਰੀ ਪੰਜਾਬ ਵੱਲੋਂ ਐਨਓਸੀ ਰੱਦ ਕਰਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਚਰਚਾ ’ਚ ਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਕੀਤੀ ਸਖਤ ਕਾਰਵਾਈ ਤੋਂ ਬਾਅਦ ਸਕੂਲ ਦੀ ਮਾਨਤਾ ਤੇ ਵੀ ਸੰਕਟ ਦੇ ਬੱਦਲ ਛਾ ਗਏ ਹਨ। ਅਸਲ ’ਚ ਇਹ ਸਕੂਲ ਅਧਿਆਪਕਾਂ ਨੂੰ ਤਨਖਾਹਾਂ ਨਾਂ ਦੇਣ ਕਾਰਨ ਉਦੋਂ ਵਿਵਾਦਾਂ ’ਚ ਫਸ ਗਿਆ ਸੀ ਜਦੋਂ ਸਕੂਲ ਦੇ ਸਟਾਫ ਨੇ ਲੰਘੀ 4 ਸਤੰਬਰ ਨੂੰ ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਕੇ ਇਨਸਾਫ ਅਤੇ ਕਾਰਵਾਈ ਦੀ ਮੰਗ ਕੀਤੀ ਸੀ। ਹਾਲਾਂਕਿ ਸਕੂਲ ਦੀ ਐਮ.ਡੀ ਸਰਬਜੀਤ ਕੌਰ ਨੇ ਉਦੋਂ ‘ਬਾਬੂਸ਼ਾਹੀ’ ਨੂੰ ਆਪਣਾ ਪੱਖ ਦੱਸਦਿਆਂ ਕਿਹਾ ਸੀ ਕਿ ਕਰੋਨਾ ਸੰਕਟ ਕਾਰਨ ਸਕੂਲ ਨੂੰ ਫੀਸਾਂ ਨਹੀਂ ਆ ਰਹੀਆਂ ਜਿਸ ਕਰਕੇ ਤਨਖਾਹਾਂ ਦੇ ’ਚ ਸਮੱਸਿਆ ਆਈ ਹੈ।
ਉਨ੍ਹਾਂ ਹਾਲਾਤ ਠੀਕ ਹੋਣ ਤੇ ਅਧਿਆਪਕਾਂ ਦੀਆਂ ਤਨਖਾਹਾਂ ਦਾ ਮਸਲਾ ਵਿਚਾਰਨ ਦੀ ਗੱਲ ਵੀ ਆਖੀ ਸੀ ਪਰ ਅੱਜ ਸਕੂਲ ਦੀ ਐਨਓਸੀ ਰੱਦ ਹੋਣ ਉਪਰੰਤ ਮਸਲਾ ਮੁੜ ਤੋਂ ਸਾਹਮਣੇ ਆ ਗਿਆ ਹੈ। ਸਰਕਾਰ ਤਰਫੋਂ ਦਿੱਤੀ ਜਾਣਕਾਰੀ ਅਨੁਸਾਰ ਐਨਓਸੀ ਰੱਦ ਕੀਤੇ ਜਾਣ ਵਾਲੇ ਸਕੂਲਾਂ ਖਿਲਾਫ ਕਾਰਵਾਈ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਮੁਲਾਜ਼ਮਾਂ ਦਾ ਸੋਸ਼ਣ ਕਰਨ ਸਬੰਧੀ ਸ਼ਿਕਾਇਤਾਂ ਮਿਲਣ ਮਗਰੋਂ ਕੀਤੀ ਗਈ ਹੈ। ਅਧਿਆਪਕਾ ਅਮਨਦੀਪ ਕੌਰ, ਰਾਜਿੰਦਰ ਕੌਰ, ਸੰਦੀਪ ਕੌਰ, ਕਰਮਜੀਤ ਕੌਰ, ਬਲਜੀਤ ਕੌਰ ਅਤੇ ਰਸ਼ਮੀ ਰਾਏ ਨੇ ਉਦੋਂ ਦੱਸਿਆ ਸੀ ਕਿ ਕਰੋਨਾ ਸੰਕਟ ਕਾਰਨ ਪਹਿਲਾਂ ਹੀ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਪਰੋਂ ਸਕੂਲ ਪ੍ਰਬੰਧਕਾਂ ਨੇ ਤਨਖਾਹ ਨਹੀਂ ਦਿੱਤੀ ਜਿਸ ਕਰਕੇ ਉਨਾ ਦੇ ਚੁੱਲੇ ਠੰਢੇ ਹੋਣ ਲੱਗੇ ਹਨ। ਉਨਾਂ ਕਿਹਾ ਕਿ ਸੰਕਟ ਤਾਂ ਵਿਸ਼ਵਵਿਆਪੀ ਹੈ ਜਦੋਂ ਕਿ ਇਸ ਦਾ ਖਮਿਆਜਾ ਆਮ ਘਰਾਂ ਨਾਲ ਸਬੰਧਤ ਅਧਿਆਪਕਾਂ ਅਤੇ ਉਨਾਂ ਦੇ ਪ੍ਰੀਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ।
ਅਧਿਆਪਕਾਵਾਂ ਦੇ ਵਫਦ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਪ੍ਰਬੰਧਕ ਉਨਾਂ ਤੋਂ ਘਰ ਬੈਠਿਆਂ ਆਨਲਾਈਨ ਪੜਾਈ ਵਰਗਾ ਕੰਮ ਲੈਂਦੇ ਰਹੇ ਪਰ ਜਦੋਂ ਉਨਾਂ ਨੇ ਤਨਖਾਹਾਂ ਦੇਣ ਲਈ ਜੋਰ ਪਾਇਆ ਤਾਂ ਉਨਾਂ ਨੂੰ ਬਿਨਾ ਕਾਰਨ ਦੱਸਿਆਂ ਸਕੂਲ ਦੇ ਵਟਸਐਪ ਗਰੁੱਪ ਵਿੱਚੋਂ ਕੱਢ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਉਨਾਂ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ ਅਤੇ ਸਕੂਲ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਪਰ ਹੁਣ ਜਦੋਂ ਵੀ ਤਨਖਾਹ ਮੰਗੀ ਜਾਂਦੀ ਹੈ ਤਾਂ ਉਨਾਂ ਨਾਲ ਕਥਿਤ ਦੁਰਵਿਵਹਾਰ ਕਰਨ ਦੀ ਗੱਲ ਆਖੀ ਸੀ। ਅਧਿਆਪਕਾਵਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫਤੇ ਵਿੱਚ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਉਹ ਸਕੂਲ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਗੇ। ਇੱਕ ਅਧਿਆਪਕਾ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨਾਲ ਅਗਲੇ ਦੋ ਤਿੰਨ ਦਿਨਾਂ ’ਚ ਤਨਖਾਾਹ ਦੇਣ ਸਬੰਧੀ ਸਮਝੌਤਾ ਹੋ ਗਿਆ ਹੈ।