ਹਰੀਸ਼ ਕਾਲੜਾ
- 3327 ਵਿਦਿਆਰਥੀ ਹੋਏ ਕਲੱਬਾਂ 'ਚ ਸ਼ਾਮਲ
ਰੂਪਨਗਰ, 17 ਅਕਤੂਬਰ 2020 - ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਤੇ ਲਿਖਣ 'ਚ ਪ੍ਰਪੱਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਰੂਪਨਗਰ ਜਿਲ੍ਹੇ ਦੇ 268 ਸਕੂਲਾਂ 'ਚ ਬੂਸਟਰ ਕਲੱਬ ਸਥਾਪਤ ਹੋ ਗਏ ਹਨ। ਜਿਲ੍ਹਾ ਸਿੱਖਿਆ ਅਫਸਰ (ਸੈ.) ਰਾਜ ਕੁਮਾਰ ਖੋਸਲਾ ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਪ੍ਰਤੀ ਝਿੱਜਕ ਤੇ ਡਰ ਨੂੰ ਦੂਰ ਕਰਕੇ ਅੰਗਰੇਜ਼ੀ ਭਾਸ਼ਾ ਦੇ ਸਹੀ ਉਚਾਰਨ ਸਹਿਤ ਭਾਸ਼ਾ ਕੌਸ਼ਲਾਂ ਦਾ ਵਿਕਾਸ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੇ ਗਏ 'ਅੰਗਰੇਜ਼ੀ ਬੂਸਟਰ ਕਲੱਬਾਂ' ਦੀ ਸਥਾਪਨਾ ਸਦਕਾ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਪੈਦਾ ਹੋਏ ਉਤਸ਼ਾਹ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਫਰਾਟੇਦਾਰ ਅੰਗਰੇਜ਼ੀ ਬੋਲ ਸਕਣਗੇ ਅਤੇ ਅਨੇਕਾਂ ਪ੍ਰਾਈਵੇਟ ਸਕੂਲਾਂ ਵਿੱਚੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਏ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਸਰਕਾਰੀ ਸਕੂਲਾਂ ਵਿੱਚ ਪ੍ਰਗਟਾਇਆ ਵਿਸ਼ਵਾਸ ਹੋਰ ਪਕੇਰਾ ਹੋਵੇਗਾ।ਅੰਗਰੇਜ਼ੀ ਵਿਸ਼ੇ ਦੇ ਜਿਲ੍ਹਾ ਮੈਂਟਰ ਸਰਬਜੀਤ ਸਿੰਘ ਸੈਣੀ ਨੇ ਅਨੁਸਾਰ ਜਿਲ੍ਹੇ ਦੇ 268 ਸਰਕਾਰੀ ਸਕੂਲਾਂ 'ਚ ਸਥਾਪਤ ਬੂਸਟਰ ਕਲੱਬਾਂ 3327 ਵਿਦਿਆਰਥੀ ਸ਼ਾਮਿਲ ਹੋ ਚੁੱਕੇ ਹਨ।ਜਿਸ ਲਈ ਸਕੂਲ ਮੁਖੀ ਅਤੇ ਅਧਿਆਪਕ ਵਧਾਈ ਦੇ ਪਾਤਰ ਹਨ।
ਇਸ ਸਬੰਧੀ ਪ੍ਰਿੰਸੀਪਲ ਨੀਰਜ ਵਰਮਾ ਦਾ ਕਹਿਣਾ ਹੈ ਕਿ ਦਾ ਕਹਿਣਾ ਹੈ ਕਿ ਭਾਵੇਂ ਵਿਭਾਗ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹਨਾਂ ਕਲੱਬਾਂ ਵਿੱਚ ਸਕੂਲ ਮੁਖੀ, ਅੰਗਰੇਜ਼ੀ ਲੈਕਚਰਾਰ, ਅੰਗਰੇਜ਼ੀ ਮਾਸਟਰ/ਮਿਸਟ੍ਰੈਸ ਦੀ ਸ਼ਮੂਲੀਅਤ ਜ਼ਰੂਰੀ ਹੋਵੇਗੀ ਅਤੇ ਬਾਕੀ ਸਕੂਲ ਅਮਲਾ ਸਵੈ-ਇਛੁੱਕ ਮੈਂਬਰ ਹੋਵੇਗਾ। ਪਰ ਇਹਨਾਂ ਕਲੱਬਾਂ ਵਿੱਚ ਆਪਣੀ ਸਵੈ-ਇੱਛਾ ਨਾਲ ਮੈਂਬਰ ਬਣਨ ਵਾਲੇ ਬਾਕੀ ਸਕੂਲ ਅਧਿਆਪਕਾਂ ਦੀ ਗਿਣਤੀ ਵਧਣਾ ਵੀ ਇਹਨਾਂ ਕਲੱਬਾਂ ਦੀ ਹਰਮਨਪਿਆਰਤਾ ਦਾ ਪ੍ਰਮਾਣ ਹੈ। ਅੰਗਰੇਜ਼ੀ ਅਧਿਆਪਕ ਗੁਰਜਤਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਦੀ ਇਸ ਪਹਿਲਕਦਮੀ ਸਦਕਾ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਵਿਸ਼ੇ ਪ੍ਰਤੀ ਰੁਚੀ ਵਿਕਸਿਤ ਹੋਣ ਨਾਲ ਵਿਸ਼ੇ ਦੇ ਨਤੀਜੇ ਵੀ ਉੱਤਮ ਆਉਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਕੀਤੀ ਗਈ ਪੂਰਨ ਯੋਜਨਾਬੰਦੀ ਸਦਕਾ ਉਹ ਵਿਦਿਆਰਥੀਆਂ ਨੂੰ ਪਹਿਲਾਂ ਅੰਗਰੇਜ਼ੀ ਬੋਲਣ ਦੀ ਆਡੀਓ ਸਮੱਗਰੀ ਮੁਹੱਈਆ ਕਰਵਾ ਰਹੇ ਹਨ ਜਿਸ ਨੂੰ ਬੜੇ ਉਤਸ਼ਾਹ ਸਦਕਾ ਵਿਦਿਆਰਥੀਆਂ ਦੁਆਰਾ ਸੁਣ ਕੇ ਆਪਣਾ ਉਚਾਰਨ ਸ਼ੁੱਧ ਕੀਤਾ ਜਾ ਰਿਹਾ ਹੈ। ਨਾਲ ਹੀ ਵਿਦਿਆਰਥੀਆਂ ਨੂੰ ਆਪਣੀ ਅੰਗਰੇਜ਼ੀ ਬੋਲਦਿਆਂ ਦੀ ਵੀਡੀਓ ਬਣਾਉਣ ਲਈ ਜ਼ਰੂਰੀ ਨੁਕਤੇ ਵੀ ਦੱਸ ਰਹੇ ਹਾਂ। ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਆਤਮਵਿਸ਼ਵਾਸ ਨਾਲ ਬੋਲਦੇ ਵੇਖ ਕੇ ਬਾਗੋ-ਬਾਗ ਹੋ ਰਹੇ ਹਨ।