ਹਰੀਸ਼ ਕਾਲੜਾ
- ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ਨਿਸ਼ੰਕ ਵਲੋਂ ਕੀਤਾ ਗਿਆ ਆਨਲਾਈਨ ਉਦਘਾਟਨ
- ਉਦਘਾਟਨ ਸਮਾਗਮ ਵਿਚ ਰਾਜ ਮੰਤਰੀ, ਸਿੱਖਿਆ ਮੰਤਰਾਲੇ, ਸੰਜੇ ਧੋਤਰੇ ਨੇ ਵੀ ਕੀਤੀ ਆਨਲਾਈਲ ਸ਼ਮੂਲੀਅਤ
ਰੋਪੜ, 22 ਅਕਤੂਬਰ 2020 - ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਆਈ. ਆਈ.ਟੀ ਰੋਪੜ ਦੇ ਸਥਾਈ ਕੈਂਪਸ ਨੂੰ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਉਦਘਾਟਨ ਸਮਾਗਮ ਆਨਲਾਈਨ ਮੋਡ ਰਾਹੀਂ ਰਾਜ ਮੰਤਰੀ, ਸਿੱਖਿਆ ਮੰਤਰਾਲੇ, ਸੰਜੇ ਧੋਤਰੇ ਜੀ ਦੀ ਹਾਜ਼ਰੀ ਵਿਚ ਹੋਇਆ। ਇਸ ਮੌਕੇ ਸ਼੍ਰੀ ਅਮਿਤ ਖਰੇ, ਸਕੱਤਰ, ਉੱਚ ਸਿੱਖਿਆ, ਸਿੱਖਿਆ ਮੰਤਰਾਲੇ, ਭਾਰਤ ਸਰਕਾਰ, ਆਈ. ਆਈ. ਟੀ. ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਸਰਿਤ ਕੁਮਾਰ ਦਾਸ ਅਤੇ ਆਈ. ਆਈ. ਟੀ ਰੋਪੜ ਦੇ ਰਜਿਸਟਰਾਰ ਰਵਿੰਦਰ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੋਜੀ ਰੋਪੜ ਦੀ ਸਥਾਪਨਾ 2008 ਵਿਚ ਹੋਈ ਸੀ ਅਤੇ ਇਹ ਸ਼ਾਨਦਾਰ ਕੈਂਪਸ ਸਤਲੁਜ ਨਦੀ ਦੇ ਕਿਨਾਰੇ ਤੇ ਸਥਿਤ ਹੈ। ਕੈਂਪਸ 500 ਏਕੜ ਭੂਮੀ ਤੇ ਫੈਲਿਆ ਹੋਇਆ ਹੈ। ਸੰਸਥਾਨ ਦੇ ਸਥਾਈ ਕੈਂਪਸ ਦੇ ਲਈ ਜ਼ਮੀਨ 2008 ਵਿਚ ਸਪੁਰਦ ਕੀਤੀ ਗਈ ਸੀ ਅਤੇ ਨਿਰਮਾਣ ਕਾਰਜ 15 ਜਨਵਰੀ 2015 ਨੂੰ ਅਰੰਭ ਹੋਏ ਸਨ, ਜਿਸ ਮਗਰੋਂ ਸੰਸਥਾਨ ਦਾ ਕਾਰਜ 2017 ਵਿਚ ਅਤਿਆਧੁਨਿਕ ਇਮਾਰਤਾਂ ਅਤੇ ਪ੍ਰਯੋਗਸ਼ਾਲਾਵਾਂ ਦੇ ਨਾਲ ਲੈਸ ਸਥਾਈ ਕੈਂਪਸ ਵਿਚ ਤਬਦੀਲ ਕਰ ਦਿੱਤਾ ਗਿਆ ਸੀ।
ਮੰਤਰੀ ਜੀ ਨੇ ਨਵੇਂ ਬਣੇ ਸਥਾਈ ਕੈਂਪਸ ਦਾ ਆਨਲਾਈਨ ਮੋਡ ਰਾਹੀਂ ਉਦਘਾਟਨ ਕੀਤਾ ਅਤੇ ਕੈਂਪਸ ਦੀ ਵੀਡੀਓ ਰਾਹੀਂ ਇਸ ਦੀਆਂ ਵੱਖ-ਵੱਖ ਇਮਾਰਤਾਂ ਅਤੇ ਪ੍ਰਯੋਗਸ਼ਾਲਾਵਾਂ ਦੀ ਪੂਰੀ ਝਲਕ ਲਈ ਅਤੇ ਜਾਣਕਾਰੀ ਪ੍ਰਾਪਤ ਕੀਤੀ।ਸ਼੍ਰੀ ਰਮੇਸ਼ ਪੋਖਰਿਆਲ 'ਨਿਸ਼ਾਂਕ' ਨੇ ਆਈ. ਆਈ. ਟੀ ਰੋਪੜ ਦੇ ਸਮੂਹ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਦੇਸ਼ ਨੂੰ ਵਿਸ਼ਵ ਪੱਧਰ ਤੇ ਇੱਕ ਮਜ਼ਬੂਤ ਅਤੇ ਜੀਵੰਤ ਰਾਸ਼ਟਰ ਵਿਚ ਬਦਲਣ ਵੱਲ ਕਦਮ ਚੁੱਕਣ।ਉਨਾਂ ਨਵੀਨਤਾ ਅਤੇ ਖੋਜ 'ਤੇ ਨਿਰੰਤਰ ਧਿਆਨ ਕੇਂਦਰਿਤ ਕਰਕੇ ਆਈ. ਆਈ. ਟੀ ਰੋਪੜ ਵੱਲੋਂ ਮੇਕ ਇਨ ਇੰਡੀਆ ਪਹਿਲਕਦਮ ਵੱਲ ਚੁੱਕੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਨਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਪ੍ਰਾਚੀਨ ਸਮੇਂ ਤੋਂ ਹੀ ਗਿਆਨ ਨਾਲ ਭਰਪੂਰ ਰਾਸ਼ਟਰ ਹੈ ਅਤੇ ਵਿਸ਼ਵ ਪੱਧਰ 'ਤੇ ਅਮੀਰ ਵਿਰਾਸਤ ਅਤੇ ਸਭਿਆਚਾਰ ਦੇ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ 'ਰਾਸ਼ਟਰ ਦੇ ਯੋਧੇ' ਦੱਸਦਿਆਂ ਉਨ੍ਹਾਂ ਨੂੰ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਆਈ. ਆਈ. ਟੀ ਰੋਪੜ ਦੇ ਨਿਰਦੇਸ਼ਕ ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ ਸੰਸਥਾਨ ਦੀ ਇੱਕ ਦਹਾਕੇ ਦੀ ਸਫਲਤਾ ਦੀ ਕਹਾਣੀ ਨੂੰ ਹਾਜ਼ਰੀਨਾਂ ਅਤੇ ਮੁੱਖ ਮਹਿਮਾਨ ਨਾਲ ਸਾਂਝਾ ਕੀਤਾ, ਜੋ ਕੈਂਪਸ ਮਾਸਟਰ ਪਲਾਨ ਦੀ ਇੱਕ ਜ਼ਰੂਰੀ ਵਿਸ਼ੇਸ਼ਤਾ ਰਹੀ ਹੈ। ਉਨ੍ਹਾਂ ਗਰੀਨ ਕੈਂਪਸ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿਚ ਸੌਰ ਊਰਜਾ, ਵਾਤਾਵਰਣ ਦੇ ਅਨੁਕੂਲ ਲਘੂਕਰਣ ਵਿਕਲਪ, ਕੁਸ਼ਲ ਜਲ ਪ੍ਰਬੰਧਨ, ਸਾਫ ਰਹਿੰਦ ਖੂਹੰਦ ਪ੍ਰਬੰਧਨ ਤਕਨੀਕਾਂ, ਸਿਫਰ ਡਿਸਚਾਰਜ ਅਤੇ ਕਈ ਹੋਰ ਉਪਾਅ ਸਹਿਤ ਵੱਖ-ਵੱਖ ਸਥਿਰਤਾ ਸੁਵਿਧਾਵਾਂ ਤੇ ਕਾਫੀ ਜ਼ੋਰ ਦਿੱਤਾ ਗਿਆ ਹੈ। ਆਈ. ਆਈ. ਟੀ ਰੋਪੜ ਕੈਂਪਸ ਨੇ ਕੈਂਪਸ ਮਾਸਟਰ ਪਲਾਨ ਲਈ ਇੰਟੀਗਰੇਟਡ ਹੈਬੀਟੇਟ ਅਸੈਸਮੈਂਟ ਫਾਰ ਲਾਰਜ ਡਿਵੈਲਪਮੈਂਟ (ਗਰੀਹਾ ਐਲ ਡੀ) ਲਈ 5-ਸਟਾਰ ਗ੍ਰੀਨ ਰੇਟਿੰਗ ਪ੍ਰਾਪਤ ਕੀਤੀ ਹੈ।ਸੰਸਥਾਨ ਨੇ ਰੈਂਕਿੰਗ ਵਿਚ ਭਰਪੂਰ ਪ੍ਰਸ਼ੰਸਾ ਹਾਸਲ ਕੀਤੀ ਹੈ ਅਤੇ ਸ਼ੁਰੂ ਤੋਂ ਹੀ ਖੋਜ ਅਤੇ ਵਿਕਾਸ ਵਿਚ ਸਰਗਰਮੀ ਨਾਲ ਜੁੜੇ ਹੋਏ ਹਨ। ਸੰਸਥਾਨ ਨੇ ਕੋਵਿਡ -19 ਸੰਕਟ ਨਾਲ ਨਜਿੱਠਣ ਲਈ ਵੱਖ ਵੱਖ ਟੈਕਨਾਲੋਜੀ ਅਧਾਰਤ ਹੱਲ ਵਿਕਸਿਤ ਕੀਤੇ ਹਨ ਅਤੇ ਇਨ੍ਹਾਂ ਨੂੰ ਵੱਡੇ ਪੱਧਰ 'ਤੇ ਸਮਾਜ ਨਾਲ ਸਾਂਝਾ ਕੀਤਾ ਹੈ।