ਰਜਨੀਸ਼ ਸਰੀਨ
ਐਸ.ਏ.ਐਸ. ਨਗਰ, 25 ਅਕਤੂਬਰ 2020 - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਸੁੰਦਰ ਲਿਖਾਈ (ਸੁਲੇਖ) ਮੁਕਾਬਲੇ ਭਲਕੇ 26 ਅਕਤੂਬਰ ਤੋਂ ਕਰਵਾਏ ਜਾ ਰਹੇ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਰਾਜ ਸਿੱਖਿਆ ਖੋਜ ਤੇ ਸਿਖਲਾਈ ਸੰਸਥਾ ਵੱਲੋਂ ਕਰਵਾਏ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਤਹਿਤ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੀਆਂ ਪੇਸ਼ਕਾਰੀਆਂ ਰਾਹੀਂ ਸ੍ਰੀ ਗੁਰੁ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਹਨ।
ਸੁਲੇਖ ਮੁਕਾਬਲਿਆਂ ਸਬੰਧੀ ਇਬਾਰਤ (ਪੈਰ੍ਹਾ) ਮੁੱਖ ਦਫ਼ਤਰ ਵੱਲੋਂ ਜ਼ਿਲ੍ਹਾ ਨੋਡਲਜ਼ ਅਫਸਰਾਂ ਰਾਹੀਂ ਮੁਕਾਬਲੇ ਤੋਂ ਪਹਿਲਾਂ ਵਿਦਿਆਰਥੀਆਂ ਤੱਕ ਪੁੱਜਦੀ ਕੀਤੀ ਜਾਵੇਗੀ। ਐਸ.ਸੀ.ਈ.ਆਰ.ਟੀ. ਦੀ ਸਹਾਇਕ ਨਿਰਦੇਸ਼ਕਾ ਸ਼ਿਵਾਨੀ ਸੇਤੀਆ ਨੇ ਦੱਸਿਆ ਕਿ ਸੁਲੇਖ ਮੁਕਾਬਲੇ ਦੀਆਂ ਪੇਸ਼ਕਾਰੀਆਂ ਨੂੰ ਵਿਦਿਆਰਥੀ 26 ਤੋਂ 30 ਅਕਤੂਬਰ ਤੱਕ ਸੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਅੱਪਲੋਡ ਕਰਨਗੇ ਅਤੇ 31 ਅਕਤੂਬਰ ਰਾਤ 12 ਵਜੇ ਤੱਕ ਸਕੂਲ ਮੁਖੀ ਆਪੋ-ਆਪਣੇ ਸਕੂਲ ਦੇ ਨਤੀਜੇ ਦਿੱਤੇ ਹੋਏ ਲਿੰਕ 'ਤੇ ਅੱਪਲੋਡ ਕਰਨਗੇ। ਸੁਲੇਖ ਰਚਨਾ ਲਈ ਵਿਭਾਗ ਵੱਲੋਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਪੈਰ੍ਹੇ ਭੇਜੇ ਜਾਣਗੇ। ਜਿੰਨ੍ਹਾਂ ਦੀ ਸੁਲੇਖ ਰਚਨਾ ਲਈ ਪ੍ਰਾਇਮਰੀ ਤੇ ਮਿਡਲ ਵਿੰਗ ਲਈ 40 ਮਿੰਟ ਅਤੇ ਸੈਕੰਡਰੀ ਵਿੰਗ ਲਈ 35 ਮਿੰਟ ਦਾ ਸਮਾਂ ਹੋਵੇਗਾ।
ਪ੍ਰਾਇਮਰੀ ਵਰਗ ਲਈ 35 ਸ਼ਬਦਾਂ ਵਾਲਾ ਪੈਰ੍ਹਾ, ਮਿਡਲ ਤੇ ਸੈਕੰਡਰੀ ਵਰਗ ਲਈ 50 ਸ਼ਬਦਾਂ ਵਾਲਾ ਪੈਰ੍ਹਾ ਹੋਵੇਗਾ। ਸੁਲੇਖ ਰਚਨਾ ਕਾਨੇ, ਬਰੂ ਜਾਂ ਬਾਂਸ ਦੀ ਕਲਮ ਰਾਹੀਂ ਇੱਕ ਰੰਗ ਦੀ ਸਿਆਹੀ ਨਾਲ ਕੀਤੀ ਜਾਵੇਗੀ। ਵਿਭਾਗ ਵੱਲੋਂ ਦਿੱਤੇ ਗਏ ਅਕਾਰ ਅਨੁਸਾਰ ਹੀ ਪੇਪਰ (ਸ਼ੀਟ) ਦੀ ਵਰਤੋਂ ਕੀਤੀ ਜਾਵੇਗੀ। ਸ੍ਰੀਮਤੀ ਸ਼ਿਵਾਨੀ ਸੇਤੀਆ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਨੂੰ ਸਰਕਾਰੀ ਸਕੂਲਾਂ ਦੇ ਅਧਿਆਪਕ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਉਮੀਦ ਹੈ ਕਿ ਬਾਕੀ ਰਹਿੰਦੇ ਮੁਕਾਬਲਿਆਂ ਲਈ ਵੀ ਵਿਦਿਆਰਥੀਆਂ ਦਾ ਹੁੰਗਾਰਾ ਬੇਮਿਸਾਲ ਰਹੇਗਾ।