ਰਜਨੀਸ਼ ਸਰੀਨ
ਸ੍ਰੀ ਅਨੰਦਪੁਰ ਸਾਹਿਬ, 27 ਅਕਤੂਬਰ 2020 - ਜਦੋਂ ਕਰੋਨਾ ਮਹਾਂਮਾਰੀ ਨਾਲ ਵਿਦਿਆਰਥੀ ਵਰਗ, ਖਾਸ ਕਰਕੇ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ , ਉਦੋਂ ਸਰਕਾਰੀ ਸਕੂਲਾਂ ਦੇ ਸਿਰੜੀ ਅਧਿਆਪਕਾਂ ਨੇ ਇਸ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰ ਕਰਦਿਆਂ ਸਕੂਲੀ ਸਿੱਖਿਆ ਨੂੰ ਆਨਲਾਈਨ ਮਾਧਿਅਮ ਰਾਹੀਂ ਮੁੜ ਲੀਹਾਂ ਤੇ ਵਾਪਸ ਲਿਆਂਦਾ। ਇਨ੍ਹਾਂ ਅਧਿਆਪਕਾਂ ਵਿਚੋਂ ਇੱਕ ਅਹਿਮ ਨਾਮ ਹਿੰਦੀ ਅਧਿਆਪਕਾ ਸੀਮਾ ਜੱਸਲ ਦਾ ਹੈ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ, ਜਿਲ੍ਹਾ ਰੂਪਨਗਰ ਵਿਖੇ ਨਿਯੁਕਤ ਹਨ।
ਸੀਮਾ ਜੱਸਲ ਨੇ ਬਹੁਤ ਹੀ ਨਿਵੇਕਲੇ ਢੰਗ ਨਾਲ ਸੋਸ਼ਲ ਮੀਡੀਆ ਤੇ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਦੇ ਹੋਏ ਸਿੱਖਿਆ ਵਿਭਾਗ ਦੇ ਹਰ ਪ੍ਰੋਜੈਕਟ :- ਘਰ ਬੈਠੇ ਸਿੱਖਿਆ , ਈਚ ਵਨ ਬਰਿੰਗ ਵਨ, ਪੰਜਾਬ ਅਚੀਵਮੈਂਟ ਸਰਵੇ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ ਵਿਦਿਅਕ ਮੁਕਾਬਲੇ , ਸਵਾਗਤ ਜ਼ਿੰਦਗੀ, ਬਡੀ ਗਰੁੱਪ, ਇੰਗਲਿਸ਼ ਬੂੂਸਟਰ ਗਰੁੁੱਪ, ਆਦਿ ਦਾ ਪ੍ਰਚਾਰ ਬਹੁਤ ਹੀ ਵਧੀਆ ਢੰਗ ਨਾਲ ਕੀਤਾ। ਉਨ੍ਹਾਂ ਦੀਆਂ ਵੀਡੀਓ ਅਤੇ ਆਡੀਓ ਕਲਿਪਾਂ ਨੇ ਬੱਚਿਆਂ ਵਿੱਚ ਆਨਲਾਈਨ ਸਿੱਖਿਆ ਪ੍ਰਤੀ ਬਹੁਤ ਦਿਲਚਸਪੀ ਪੈਦਾ ਕੀਤੀ। ਸੀਮਾ ਜੱਸਲ ਦੇ ਵਿੱਦਿਅਕ ਪ੍ਰੋਗਰਾਮ ਡੀਡੀ ਨੈਸ਼ਨਲ, ਸਵੈਮ ਪ੍ਰਭਾ ਅਤੇ ਈ ਵਿਦਿਆ ਆਦਿ ਚੈਨਲਾਂ ਦੇ ਨਾਲ-ਨਾਲ ਅਕਾਸ਼ਬਾਣੀ ਜਲੰਧਰ ਤੇ ਆਮ ਤੌਰ ਤੇ ਦੇਖਣ-ਸੁਣਨ ਨੂੰ ਮਿਲਦੇ ਹਨ।
ਉਹਨਾਂ ਦੇ ਇਹਨਾਂ ਪ੍ਰੋਗਰਾਮਾਂ ਵਿਚ ਜਿੱਥੇ ਉਨ੍ਹਾਂ ਦੀ ਮਿਹਨਤ ਅਤੇ ਲਗਨ ਦੀ ਝਲਕ ਦੇਖਣ ਨੂੰ ਮਿਲਦੀ ਹੈ, ਉੱਥੇ ਬਹੁਗਿਣਤੀ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਦਾ ਜਜ਼ਬਾ ਵੀ ਉਨ੍ਹਾਂ ਦੀ ਸਖਸ਼ੀਅਤ ਨੂੰ ਚਾਰ ਚੰਨ ਲਾਉਂਦਾ ਹੈ। ਦਿਨ ਰਾਤ ਮਿਹਨਤ ਕਰਕੇ ਉਨ੍ਹਾਂ ਵੱਲੋਂ ਆਨਲਾਈਨ ਸਿੱਖਿਆ ਦੇ ਸਬੰਧ ਵਿੱਚ ਹਰ ਤਰਾਂ ਦੀ ਸ਼ੈਲੀ ਅਤੇ ਸਾਧਨ ਦਾ ਇਸਤੇਮਾਲ ਬਾਖੂਬੀ ਕੀਤਾ ਗਿਆ। ਆਪਣੇ ਇਹਨਾਂ ਯਤਨਾਂ ਸਦਕਾ ਉਹ ਪੰਜਾਬ ਦੇ ਅਧਿਆਪਕਾਂ ਲਈ ਪ੍ਰੇਰਣਾ ਸਰੋਤ ਵੀ ਬਣੇ।ਉਹਨਾਂ ਦੇ ਇਹਨਾਂ ਅਣਥੱਕ ਯਤਨਾਂ ਸਦਕਾ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਹੋਇਆ। ਕਲਾ ਅਤੇ ਗਿਆਨ ਦਾ ਇੱਕ ਬਿਹਤਰੀਨ ਸੁਮੇਲ ਜਿਸ ਦੁਆਰਾ ਉਪਰੋਕਤ ਅਧਿਆਪਕਾ ਨੇ ਸਿੱਖਣ - ਸਿਖਾਉਣ ਦੇ ਮਾਇਨੇ ਹੀ ਬਦਲ ਦਿੱਤੇ ਹਨ । ਜਿਸ ਦੇ ਫਲਸਰੂਪ ਵਿਦਿਆਰਥੀ ਔਖੇ ਪ੍ਰਸ਼ਨਾਂ ਨੂੰ ਵੀ ਸਹਿਜੇ ਹੀ ਸਮਝ ਲੈਂਦੇ ਹਨ।