ਦੇਖਣੀ ਹੀ ਬਣਦੀ ਹੈ ਮੀਡੀਆ ਅਤੇ ਖੁਸਰਿਆਂ'ਤੇ ਬਣੀ ਹਾਲੀਵੁੱਡ ਮੂਵੀ- 5 ਵੈੱਡਿੰਗਜ਼
ਮੈਂ ਅਤੇ ਮੇਰੀ ਬੀਵੀ ਸ਼ਨੀਵਾਰ ਨੂੰ ਨਮਰਤਾ ਗੁਜਰਾਲ ਦੀ ਡਾਇਰੈਕਸ਼ਨ ਹੇਠ ਬਣੀ ਹਾਲੀਵੁੱਡ ਫ਼ਿਲਮ 5 ਵੈੱਡਿੰਗਜ਼ ਦੇਖ ਕੇ ਆਏ ਹਾਂ .ਮੈਂ ਸੋਚਿਆ ਸੀ ,ਫ਼ਿਲਮ ਦੇਖਦੇ-ਦੇਖਦੇ ਵਿਚੋਂ- ਵਿਚੋਂ ਹੱਥ ਵਿਚਲੇ ਫੋਨਾਂ ਤੇ ਨਜ਼ਰ ਮਾਰ ਲਿਆ ਕਰਾਂਗਾ .ਈ-ਮੇਲ , ਵਾਟਸ-ਆਪ ,ਮਿਸ ਹੋਈਆਂ ਕਾਲਾਂ ਅਤੇ ਬਾਬੂਸ਼ਾਹੀ ਵੈੱਬਸਾਈਟ ਤੇ ਨਜ਼ਰ ਮਾਰਦਾ ਰਹਾਂਗਾ .ਪਰ ਹੋਇਆ ਇਸ ਦੇ ਉਲਟ . ਫ਼ਿਲਮ ਜਿਉਂ ਸ਼ੁਰੂ ਹੋਈ .ਇੰਟਰਵਲ ਤੱਕ ਸਕਰੀਨ ਤੋਂ ਨਜ਼ਰ ਹੀ ਨਹੀਂ ਹਟੀ .ਫ਼ਿਲਮ ਦੀ ਕਹਾਣੀ ਅਤੇ ਪੇਸ਼ਕਾਰੀ ਦਾ ਵਹਾ ਅਜਿਹਾ ਸੀ ਕਿ ਖੁੱਭ ਕੇ ਵੇਖਣੀ ਪਈ . ਫੇਰ ਉਹੋ ਸਿਲਸਿਲਾ ਦੂਜੇ ਹਾਫ਼ 'ਚ ਫ਼ਿਲਮ ਨੇ ਉਸੇ ਤਰ੍ਹਾਂ ਹੀ ਬੰਨ੍ਹ ਕੇ ਰੱਖਿਆ ਵਧਣ।
ਹੋਰ ਕਈ ਹਾਲੀਵੁੱਡ ਫ਼ਿਲਮਾਂ ਵਾਂਗ ਕਦੇ ਕਦੇ ਦਸਤਾਵੇਜ਼ੀ ਫ਼ਿਲਮ ਦਾ ਝਲਕਾਰਾ ਮਾਰਨ ਦੇ ਬਾਵਜੂਦ ਵੀ ਰੌਚਿਕ ਵੀ ਹੈ ਅਤੇ ਸਮੁੱਚੇ ਤੌਰ ਤੇ ਫ਼ਿਲਮ ਅੱਛੀ ਵੀ , ਦੇਖਣ ਵਾਲੀ ਹੈ ਪਰ ਦੋ ਤਿੰਨ ਪਹਿਲੂ ਉਚੇਚੇ ਤੌਰ ਤੇ ਜ਼ਿਕਰਯੋਗ ਨੇ . ਫ਼ਿਲਮ ਮੀਡੀਆ ਜਗਤ ਅਤੇ ਮੀਡੀਆ ਕਰਮੀਆਂ ਨਾਲ ਜੁੜੀ ਹੋਈ ਹੈ। ਫ਼ਿਲਮ ਦੀ ਜਿੰਦ-ਜਾਨ ਬਣੀ ਅਮਰੀਕਨ ਮਾਡਲ ਤੇ ਐਕਟ੍ਰੈੱਸ ਨਰਗਿਸ ਫਾਖਰੀ ਨੇ ਇੱਕ ਮੀਡੀਆ ਕਰਮੀਂ ਦਾ ਰੋਲ ਬਹੁਤ ਨਿੱਗਰ ,ਜਾਨਦਾਰ ਅਤੇ ਅੱਛਾ ਨਿਭਾਇਆ ਹੈ .ਬਹੁਤ ਚੰਗਾ ਲੱਗਾ ਕਿ ਮੇਰੇ ਦੋ ਅਜ਼ੀਜ਼ ਦਰਸ਼ਨ ਔਲਖ ਅਤੇ ਪੱਤਰਕਾਰ ਨੀਲ ਭਲਿੰਦਰ ਵੀ ਇਸਦੇ ਐਕਟਰ ਨੇ ਜੋ ਕਿ ਆਪਣੇ -ਆਪਣੇ ਰੋਲ ਵਿਚ ਜਚੇ ਨੇ .ਰਾਜ ਕੁਮਾਰ ਰਾਓ ਨੇ ਵੀ ਅੰਗਰੇਜ਼ੀ ਬੋਲਦੇ ਪੁਲਿਸ ਵਾਲੇ ਰੋਲ ਨਾਲ ਕਾਫ਼ੀ ਇਨਸਾਫ਼ ਕੀਤਾ ਹੈ .
ਫ਼ਿਲਮ ਦਾ ਸਭ ਤੋਂ ਅਹਿਮ ਪਹਿਲੂ ਸੱਦੇ ਸਮਾਜ 'ਚ ਖੁਸਰਿਆਂ ( ਹੀਜੜਿਆਂ ) ਦੀ ਦਸ਼ਾ ਅਤੇ ਉਨ੍ਹਾਂ ਨਾਲ ਹੋ ਰਹੇ ਸਿਸਟਮ ਵੱਲੋਂ ਕੀਤੇ ਰਹੇ ਵਿਤਕਰੇ ਨੂੰ ਬਹੁਤ ਸਲੀਕੇ ਨਾਲ ਉਭਾਰ ਕੇ ਪੇਸ਼ ਕਰਨਾ ਹੈ . ਬਹੁਤ ਹੀ ਸਹਿਜ ਢੰਗ ਨਾਲ ਇਹ ਹਕੀਕਤ ਪੇਸ਼ ਕੀਤੀ ਗਈ ਕਿ ਕਾਨੂੰਨੀ ਮਾਨਤਾ ਹੋਣ ਦੇ ਬਾਵਜੂਦ ਵੀ ਇਸ ਵਰਗ ਨੂੰ ਬਰਾਬਰ ਦੇ ਮਨੁੱਖੀ ਅਧਿਕਾਰ ਨਹੀਂ ਮਿਲ ਰਹੇ .ਪੰਜਾਬੀ ਸਭਿਆਚਾਰ ਦੀਆਂ ਕੁਝ ਅਹਿਮ ਝਲਕਾਂ ਦੇ ਪੇਸ਼ਕਾਰੀ ਦੇ ਨਾਲ - ਅਮਰੀਕੀ (ਪੱਛਮੀ ) ਅਤੇ ਭਾਰਤੀ ਸਮਾਜਿਕ ਸਭਿਆਚਾਰਕ ਕਦਰਾਂ ਕੀਮਤਾਂ ਵਿਚ ਟਕਰਾਅ ਦਾ ਪਰਿਵਾਰਕ ਰਿਸ਼ਤਿਆਂ ਤੇ ਪੈਂਦੇ ਪ੍ਰਭਾਵ ਨੂੰ ਵੀ ਬਾਖ਼ੂਬੀ ਦਿਖਾਇਆ ਗਿਆ ਹੈ .
27-10-2018
ਬਲਜੀਤ ਬੱਲੀ
ਸੰਪਾਦਕ ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
9915177722