ਗੁਰਭਜਨ ਗਿੱਲ
ਲੁਧਿਆਣਾ, 2 ਜਨਵਰੀ 2019 - ਭੰਗੜੇ ਦੀ ਦੁਨੀਆਂ ਲਈ ਸਾਲ 2018 ਜਾਂਦਾ ਜਾਂਦਾ ਮੰਦੀ ਖ਼ਬਰ ਦੇ ਗਿਆ। ਲੈ ਗਿਆ ਸਾਡਾ ਸੱਜਣ ਤੇ ਭੰਗੜੇ ਦਾ ਸ਼ਾਹ ਅਸਵਾਰ ਸੀਤਲ ਸਿੰਘ ਗਿੱਲ। ਉਹ ਗੁਰਦਾਸਪੁਰ ਦੇ ਪਿੰਡ ਬੱਬਰੀ ਨੰਗਲ ਦਾ ਜੰਮਪਲ ਸੀ। ਮਾਸਟਰ ਹਰਭਜਨ ਸਿੰਘ ਖੋਖਰ ਫੌਜੀਆਂ ਵਾਲਿਆਂ ਦਾ ਸ਼ਾਗਿਰਦ। ਗੁਰਚਰਨ ਸਿੰਘ ਬੋਪਾਰਾਏ, ਗੁਰਚਰਨ, ਮਨੋਹਰ, ਅਵਤਾਰ ਦੀਪਕ ਭਰਾਵਾਂ ਤੋਂ ਬਾਅਦ ਬੇਅੰਤ, ਹਰਭਜਨ ਬਾਜਵਾ ਜੁਗਨੀ, ਮਹਿੰਦਰ ਡੰਗੋਰੀ, ਯਸ਼ ਸ਼ਰਮਾ,ਹਰਪਾਲ ਟਿਵਾਣਾ,ਬਖਸ਼ੀਸ਼ ਸਿੰਘ ਸੇਖੋਂ,ਹਰਜੀਤ ਸਿੰਘ ਬੇਦੀ,ਜਸਬੀਰ ਪੰਨੂ ,ਬਲਵਿੰਦਰ ਕਾਹਲੋਂ, ਗਿੱਲ ਸੁਰਜੀਤ, ਫਰੀਦਕੋਟ ਵਾਲਾ ਬਿੰਦੀ ਵੀਰ, ਖੁਸ਼ਵੰਤ ਬਾਵਾ,ਸਨਮੁਖ ਸਿੰਘ ਆਜ਼ਾਦ, ਚੰਨੀ ਤਾਕੁਲੀਆ ਉਸ ਦੇ ਹਮਰਾਹ ਸਨ।
ਸੀਤਲ ਨੱਚਦਾ ਸੀ ਤਾਂ ਲੱਗਦਾ ਸੀ ਰਾਵੀ ਦਰਿਆ ਲਹਿਰੀਏ ਪਾਉਂਦਾ ਹੈ। ਵੇਗਮੱਤਾ ਲੋਕ ਨਾਚ ਨਰਤਕ ਸੀ। ਸਿਆਲਕੋਟੀ ਭੰਗੜੇ ਦੇ ਸਹਿਜ ਤੇ ਸੁਹਜ ਨੂੰ ਕਾਇਮ ਰੱਖਿਆ ਇਸ ਕਾਫ਼ਲੇ ਨੇ ਮਾਸਟਰ ਜੀ ਦੀ ਅਗਵਾਈ ਵਿੱਚ।
ਉਹ ਸੱਤ ਸਾਲ ਲਗਾਤਾਰ ਰੀਪਬਲਿਕ ਡੇ ਪਰੇਡ ਤੇ ਪੰਜਾਬ ਦੀ ਨੁਮਾਇੰਦਗੀ ਕਰਦਾ ਰਿਹਾ। ਸਕੂਲ ਅਧਿਆਪਕ ਬਣ ਗਿਆ ਉਚੇਰੀ ਪੜ੍ਹਾਈ ਕਰਕੇ। ਭੰਗੜੇ ਦੀ ਜੋਤ ਨੂੰ ਉਹ ਪਿੰਡ ਪਿੰਡ ਸ਼ਹਿਰ ਸ਼ਹਿਰ ਜਗਾਉਂਦਾ ਰਿਹਾ। ਕਾਲਜਾਂ ਸਕੂਲਾਂ ਦੇ ਬੱਚਿਆਂ ਨੂੰ ਸਿਖਾਉਣ ਚ ਵੀ ਉਸ ਨੂੰ ਵਿਸ਼ੇਸ਼ ਮੁਹਾਰਤ ਸੀ। ਪੰਮੀ ਬਾਈ ਉਸ ਨੂੰ ਭੰਗੜੇ ਦਾ ਸੁਲੱਗ ਕਲਾਕਾਰ ਮੰਨਦਾ ਸੀ।
ਮਾਸਟਰ ਹਰਭਜਨ ਸਿੰਘ ਨੇ ਅੱਦ ਸਵੇਰੇ ਇਹ ਜਾਣਕਾਰੀ ਦਿੱਤੀ ਤਾਂ ਵੱਡਾ ਹਾਉਕਾ ਆਪਣੇ ਆਪ ਹਿੱਕ ਨੂੰ ਚੀਰ ਗਿਆ। ਦੂਰਦਰਸ਼ਨ ਦੇ ਕਿੰਨੇ ਪ੍ਰੋਗਰਾਮਾਂ ਚ ਉਸ ਨੇ ਭੰਗੜਾ ਪਾਇਆ ਹੋਵੇਗਾ, ਗਿਣਤੀ ਨਹੀਂ।
1982 ਚ ਨਵੀਂ ਦਿੱਲੀ ਵਿਖੇ ਹੋਈਆਂ ਏਸ਼ਿਆਈ ਖੇਡਾਂ ਚ ਪਏ ਭੰਗੜੇ ਦੇ ਕੋਚਾਂ ਦੇ ਪੈਨਲ ਚ ਸੀਤਲ ਵੀ ਸੀ। ਪੰਜਾਬ ਦੀਆਂ ਮੁੱਖ ਯੂਨੀਵਰਸਿਟੀਆਂ ਦੇ ਲੋਕਨਾਚ ਮੁਕਾਬਲਿਆਂ ਚ ਉਹ ਲੰਮਾ ਸਮਾਂ ਨਿਰਣਾਇਕ ਭੂਮਿਕਾ ਨਿਭਾਉਂਦਾ ਰਿਹਾ ਹੈ। ਸੀਤਲ ਤੁਰ ਗਿਆ, ਭੰਗੜੇ ਦਾ ਪਿੜ ਸੁੰਨਾ ਕਰਕੇ। ਸੀਤਲ ਸਿੰਘ ਗਿੱਲ ਨਮਿਤ ਭੋਗ ਤੇ ਅੰਤਿਮ ਅਰਦਾਸ 7 ਜਨਵਰੀ ਨੂੰ ਉਸ ਦੇ ਪਿੰਡ ਬੱਬਰੀ ਨੰਗਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਵੇਗੀ।
ਹੋਰ ਜਾਣਕਾਰੀ ਲਈ ਭੰਗੜਾ ਪਿਤਾਮਾ ਤੇ ਸਾਡੇ ਵੱਡੇ ਵੀਰ ਮਾਸਟਰ ਹਰਭਜਨ ਸਿੰਘ ਖੋਖਰ ਫੌਜੀਆਂ ਨਾਲ ਫੋਨ ਨੰਬਰ
+91 98761 66392 ਤੇ ਸੰਪਰਕ ਕਰ ਸਕਦੇ ਹੋ ਜੀ।
ਸੀਤਲ ਦੀ ਮਿੱਠੀ ਯਾਦ ਚ ਮੈਂ ਸਿਰ ਝੁਕਾਉਂਦਿਆਂ ਡਾ: ਜਗਤਾਰ ਦੇ ਇਸ ਸ਼ਿਅਰ ਦਾ ਸਹਾਰਾ ਲੈ ਰਿਹਾ ਹਾਂ।
ਕਾਫ਼ਲੇ ਵਿੱਚ ਤੂੰ ਨਹੀਂ ਭਾਵੇਂ ਰਿਹਾ,
ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ।
ਅਲਵਿਦਾ ਸੀਤਲ ਵੀਰੇ
ਵੀਡੀਓ ਦੇਖਣ ਲਈ ਹੇਠ ਲਿੰਕ ਤੇ ਕਲਿਕ ਕਰੋ :-
https://youtu.be/DacRneV0Mbk