ਇੰਡੀਆਨਾਪੋਲਿਸ, 13 ਫਰਵਰੀ 2019 - ਸ਼ੌਰਟ ਫਿਲਮ 'ਸਿੰਘ' 2007 ਵਿਚ ਭਾਰਤੀ-ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਨਾਲ ਅਮਰੀਕਾ ਦੇ ਏਅਰਪੋਰਟ 'ਤੇ ਵਾਪਰੀ ਘਟਨਾ ਅਧਾਰਤ ਇੱਕ ਸੱਚ ਨੂੰ ਬਿਆਨ ਕਰਦੀ ਹੈ। ਇਸ ਫਿਲਮ ਵਿੱਚ, ਗੁਰਿੰਦਰ ਖਾਲਸਾ ਨੂੰ ਆਪਣੇ ਧਰਮ ਅਤੇ ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਮਿਲਣ ਜਾਣ ਵਿਚਕਾਰ ਚੋਣ ਕਰਨ ਨੂੰ ਲੈ ਕੇ ਘਟਨਾ ਦਿਖਾਈ ਗਈ ਹੈ। ਕਿਉਂਕਿ ਖਾਲਸਾ ਨੂੰ ਅਮਰੀਕੀ ਏਅਰਪੋਰਟ 'ਤੇ ਪੱਗ ਉਤਾਰਨ ਲਈ ਕਿਹਾ ਗਿਆ ਸੀ ਪਰ ਖਾਲਸਾ ਨੇ ਧਰਮ ਖਾਤਿਰ ਫਲਾਈਟ ਨੂੰ ਹੀ ਤਿਆਗ ਦਿੱਤਾ ਸੀ।
ਸਾਲ 2007 ਵਿਚ ਇਸ ਘਟਨਾ ਤੋਂ ਬਾਅਦ ਗੁਰਿੰਦਰ ਸਿੰਘ ਖਾਲਸਾ ਨੇ ਅਣਥੱਕ ਕੰਮ ਕੀਤਾ ਤੇ ਪਟੀਸ਼ਨ 'ਤੇ ਦਸਤਖਤ ਕੀਤੇ। ਜਿਸ ਤੋਂ ਬਾਅਦ ਖਾਲਸਾ ਨੇ ਪੱਗ ਲਈ ਲੰਬੀ ਲੜਾਈ ਲੜਦਿਆਂ ਆਖਰ ਜਿੱਤ ਹਾਸਲ ਕੀਤੀ।
'ਸਿੰਘ' ਫਿਲਮ ਇੱਕ ਨੌਜਵਾਨ ਫਿਲਮ ਨਿਰਮਾਤਾ ਜੇਨਾ ਰੂਇਜ਼ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ, ਜੋ ਇਸ ਅਸਲੀ ਘਟਨਾ ਨੂੰ ਬਿਆਨ ਕਰਦੀ ਹੈ। ਇਹ ਰੂਇਜ਼ ਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ਹੈ। ਫਿਲਮ 'ਸਿੰਘ' ਨੂੰ ਇੰਡੀਅਨਪੋਲਿਸ ਇੰਟਰਨੈਸ਼ਨਲ ਏਅਰਪੋਰਟ 'ਤੇ ਫਿਲਮਾਇਆ ਗਿਆ ਹੈ ਅਤੇ ਮਾਰਚ 2019 'ਚ ਇਸਨੂੰ ਰਿਲੀਜ਼ ਕੀਤਾ ਜਾਵੇਗਾ।