ਲੁਧਿਆਣਾ, 18 ਫਰਵਰੀ 2019 - ਐਤਵਾਰ ਦੀ ਦੇਰ ਸ਼ਾਮ ਨੂੰ ਲੁਧਿਆਣਾ ਦੇ ਪੰਜਾਬੀ ਭਵਨ 'ਚ ਹਰਿਆਣਾ ਦੀ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਦੇ ਸ਼ੋਅ ਪ੍ਰਬੰਧਕਾਂ ਵੱਲੋਂ ਲੱਖਾਂ ਰੁਪਏ ਚੂਨਾ ਲਗਾ ਕੇ ਫਰਾਰ ਹੋਣ ਦੀ ਸੂਚਨਾ ਮਿਲੀ ਹੈ। ਸਪਨਾ ਚੌਧਰੀ ਦੇ ਇਸ ਸ਼ੋਅ ਦੇ ਪ੍ਰਬੰਧਕ ਸਪਨਾ ਚੌਧਰੀ ਦੇ ਨਾਲ ਹੀ ਚੂਨਾ ਲਾ ਗਏ। ਜਾਣਕਾਰੀ ਮੁਤਾਬਕ ਸ਼ੋਅ ਦੇ ਪ੍ਰਬੰਧਕਾਂ ਨੇ ਸ਼ੋਅ ਦੀ ਬੈਲੇਂਸ ਪੇਅਮੈਂਟ 1 ਲੱਖ 90 ਹਜ਼ਾਰ ਰੁਪਏ ਦਿੱਤੇ ਬਗੈਰ ਹੀ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਸਪਨਾ ਚੌਧਰੀ ਦੇ ਭਰਾ ਨੇ ਥਾਣਾ ਡਵੀਜ਼ਨ ਨੰ. 5 'ਚ ਪਲਿਸ ਨੂੰ ਇਸ ਘਟਨਾ ਬਾਰੇ ਦੱਸਿਆ ਅਤੇ ਸ਼ੋਅ ਦੇ ਪ੍ਰਬੰਧਕਾਂ ਖਿਲਾਫ ਸ਼ਿਕਾਇਤ ਦਰਜ ਕਰਾਈ।
ਘਟਨਾ ਦੀ ਜਾਣਕਾਰੀ ਦਿੰਦਿਆਂ ਸਪਨਾ ਚੌਧਰੀ ਦੇ ਭਰਾ ਵਿਕਾਸ ਦੱਤ ਨੇ ਦੱਸਿਆ ਕਿ ਇਸ ਸ਼ੋਅ ਦੀ ਪੇਅਮੈਂਟ 8 ਲੱਖ ਰੁਪਏ ਤੈਅ ਹੋਈ ਸੀ ਜਿਸ 'ਚੋਂ ਉਨ੍ਹਾਂ ਨੂੰ 6 ਲੱਖ ਰੁਪਏ ਅਡਵਾਂਸ 'ਚ ਮਿਲ ਚੁੱਕੇ ਹਨ। ਪਰ ਅੇਤਵਾਰ ਦੇ ਸ਼ੋਅ ਹੋਣ ਤੋਂ ਬਾਅਦ ਪ੍ਰਬੰਧਕ ਪੇਅਮੈਂਟ ਕੀਤੇ ਬਿਨਾ ਹੀ ਸ਼ੋਅ 'ਚੋਂ ਚਲੇ ਗਏ। ਉਸਨੇ ਕਿਹਾ ਕਿ ਪ੍ਰਬੰਧਕਾਂ ਨੇ ਸ਼ੋਅ ਦੇ ਸ਼ੁਰੂਆਤ 'ਚ ਉਨ੍ਹਾਂ ਤੋਂ 20 ਹਜ਼ਾਰ ਰੁਪਏ ਉਧਾਰ ਲਏ ਸਨ ਤੇ ਉਹ ਵੀ ਵਾਪਸ ਨਹੀਂ ਕੀਤੇ। ਪੁਲਿਸ ਨੇ ਪ੍ਰਬੰਧਕਾਂ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ੋਅ ਦੇ ਪ੍ਰਬਖਧਮ ਯੂਪੀ ਤੋਂ ਹਨ। ਇਹ ਵੀ ਜਾਣਕਾਰੀ ਮਿਲੀ ਕਿ ਇੰਨ੍ਹਾਂ ਨੇ ਸ਼ੋਅ ਦੀਆਂ ਟਿਕਟਾਂ 500 ਰੁਪਏ 'ਚ ਅਤੇ ਪਾਸ 800 ਰੁਪਏ 'ਚ ਵੇਚੇ, ਜਿਸ ਦੇ ਬਾਵਜੂਦ ਉਨ੍ਹਾਂ ਨੂੰ 1 ਲੱਖ 90 ਹਜ਼ਾਰ ਰੁਪਏ ਨਹੀਂ ਮਿਲੇ। ਵਿਕਾਸ ਨੇ ਦੱਸਿਆ ਕਿ ਅਗਲੇ 7 ਦਿਨਾਂ ਤੱਕ ਸਪਨਾ ਚੌਧਰੀ ਦੇ ਜੋ ਵੀ ਸ਼ੋਅ ਹੋਣੇ ਹਨ ਉਨ੍ਹਾਂ 'ਚੋਂ ਕਮਾਈ ਸਾਰੀ ਰਾਸ਼ੀ ਸੈਨਿਕ ਫੰਡ 'ਚ ਭੇਜੀ ਜਾਣੀ ਸੀ। ਫਿਲਹਾਲ ਥਾਣਾ ਡਵੀਜ਼ਨ ਨੰ. 5 'ਚ ਸ਼ੋਅ ਦੇ ਪ੍ਰਬੰਧਕਾਂ ਖਿਲਾਫ ਸ਼ਿਕਾਇਤ ਦਰ ਕਰ ਲਈ ਗਈ ਹੈ।