ਲੋਕੇਸ਼ ਰਿਸ਼ੀ
ਗੁਰਦਾਸਪੁਰ 24 ਮਾਰਚ 2019 - ਖੇਤਰੀ ਸਰਸ ਮੇਲੇ ਦੀ ਬੀਤੀ ਸ਼ਾਮ ਪੰਜਾਬੀ ਗਾਇਕ ਜੋੜੀ ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਦੇ ਨਾਮ ਰਹੀ। ਪੰਜਾਬ ਦੀ ਇਸ ਮਸ਼ਹੂਰ ਗਾਇਕ ਜੋੜੀ ਨੇ ਇੱਕ ਤੋਂ ਬਾਅਦ ਇੱਕ ਆਪਣੇ ਹਿੱਟ ਗੀਤ ਗਾ ਕੇ ਬਟਾਲਵੀਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸਰਸ ਮੇਲੇ ਵਿੱਚ ਖ਼ਰੀਦਦਾਰੀ ਕਰਨ ਆਏ ਲੋਕਾਂ ਨੇ ਜਿੱਥੇ ਆਪਣੀਆਂ ਪਸੰਦੀਦਾ ਵਸਤਾਂ ਖ਼ਰੀਦੀਆਂ ਉੱਥੇ ਲਜ਼ੀਜ਼ ਪਕਵਾਨ ਖਾਣ ਦੇ ਨਾਲ ਸਭਿਆਚਾਰਕ ਰੰਗ ਵੀ ਮਾਣੇ।
ਬੀਤੀ ਸ਼ਾਮ ਸਭਿਆਚਾਰਕ ਸ਼ਾਮ ਦੌਰਾਨ ਕਸ਼ਮੀਰ ਦਾ ਲੋਕ ਨਾਚ, ਛੱਤੀਸਗੜ੍ਹ ਦਾ ਲੋਕ ਨਾਚ, ਉੜੀਸਾ ਦਾ ਲੋਕ ਨਾਚ, ਹਿਮਾਚਲ ਦਾ ਲੋਕ ਨਾਚ ਅਤੇ ਰਾਜਸਥਾਨੀ ਨਾਚ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਮਾਝੇ ਦੇ ਲੋਕ ਦੂਸਰੇ ਰਾਜਾਂ ਦੇ ਵਿਰਾਸਤੀ ਗੀਤਾਂ ਉੱਪਰ ਵੀ ਖ਼ੂਬ ਨੱਚੇ ਅਤੇ ਉਨ੍ਹਾਂ ਨੇ ਦੇਸ਼ ਦੀ ਅਮੀਰ ਵਿਰਾਸਤ ਨੂੰ ਬੇਹੱਦ ਨੇੜੇ ਤੋਂ ਮਾਣਿਆ। ਇਸ ਤੋਂ ਬਾਅਦ ਲੋਕ ਗਾਇਕਾ ਗੁਰਲੇਜ਼ ਅਖ਼ਤਰ ਅਤੇ ਗਾਇਕ ਕੁਲਵਿੰਦਰ ਕੈਲੀ ਨੇ ਆਪਣੇ ਹਿੱਟ ਗੀਤ ਗਾ ਕੇ ਮੇਲਾ ਦੇਖਣ ਆਏ ਹਰੇਕ ਵਿਅਕਤੀ ਦੇ ਦਿਲ ਨੂੰ ਜਿੱਤ ਲਿਆ। ਇਸ ਮੌਕੇ ਗਾਇਕਾ ਗੁਰਲੇਜ਼ ਅਖ਼ਤਰ ਨੇ ਬਟਾਲਾ ਵਾਸੀਆਂ ਨੂੰ ਸਰਸ ਮੇਲਾ ਲੱਗਣ ਦੀ ਵਧਾਈ ਦਿੰਦਿਆਂ ਕਿਹਾ ਕਿ ਮਾਝੇ ਲਈ ਇਹ ਮਾਣ ਦੀ ਗੱਲ ਹੈ ਕਿ ਦੇਸ਼ ਦਾ ਇਹ ਨਾਮੀ ਸਰਸ ਮੇਲਾ ਇਸ ਵਾਰ ਬਟਾਲਾ ਸ਼ਹਿਰ ਵਿੱਚ ਲੱਗਿਆ ਹੈ। ਇਸ ਮੌਕੇ ਉਨ੍ਹਾਂ ਸਰੋਤਿਆਂ ਨੂੰ ਚੰਗੀ ਗਾਇਕੀ ਸੁਣਨ ਦਾ ਸੁਨੇਹਾ ਵੀ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੂਧਲ ਅਤੇ ਡੀ.ਡੀ.ਪੀ.ਓ. ਲਖਵਿੰਦਰ ਸਿੰਘ ਰੰਧਾਵਾ ਨੇ ਸੱਭਿਆਚਾਰਕ ਸ਼ਾਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੂਧਲ ਨੇ ਕਿਹਾ ਕਿ ਸਰਸ ਮੇਲੇ ਨੂੰ ਬਟਾਲਾ ਵਾਸੀਆਂ ਵਲੋਂ ਬਹੁਤ ਪਿਆਰ ਮਿਲਿਆ ਹੈ ਜਿਸ ਲਈ ਉਹ ਸਮੂਹ ਇਲਾਕਾ ਨਿਵਾਸੀਆਂ ਦੇ ਧੰਨਵਾਦੀ ਹਨ। ਉਨਾਂ ਕਿਹਾ ਕਿ ਸਰਸ ਮੇਲਾ ਮਾਝਾ ਖੇਤਰ ਦੇ ਲੋਕਾਂ ਲਈ ਇੱਕ ਨਵੇਕਲਾ ਅਤੇ ਖੁਸ਼ਗਵਾਰ ਤਜ਼ਰਬਾ ਸਾਬਤ ਹੋਇਆ ਹੈ। ਉਨਾਂ ਕਿਹਾ ਕਿ ਮੇਲੇ ਦੌਰਾਨ ਲੋਕਾਂ ਵਲੋਂ ਦਿਲ ਖੋਲ ਕੇ ਕੀਤੀ ਜਾ ਰਹੀ ਖਰੀਦਦਾਰੀ ਨੇ ਦਸਤਕਾਰਾਂ ਅਤੇ ਸ਼ਿਲਪਕਾਰਾਂ ਨੂੰ ਆਪਣੀਆਂ ਰਵਾਇਤੀ ਕਲਾ-ਕਿ੍ਰਤਾਂ ਅਤੇ ਵਸਤਾਂ ਬਣਾਉਣ ਲਈ ਹੋਰ ਵੀ ਉਤਸ਼ਾਹਤ ਕੀਤਾ ਹੈ। ਉਨਾਂ ਕਿਹਾ ਕਿ ਸਰਸ ਮੇਲਾ ਲੋਕਾਂ ਨੂੰ ਆਪਣੀ ਸੰਸਕਿ੍ਰਤੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।