ਅੱਜ ਕੱਲ ਪੰਜਾਬੀ ਮਨੋਰੰਜਨ ਜਗਤ ਸਫਲਤਾ ਦੇ ਸੁਨਹਿਰੇ ਸਮੇਂ ਚੋਂ ਲੰਘ ਰਿਹਾ ਹੈ। ਹਰ ਹਫਤੇ ਕਈ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਪਰ ਉਹਨਾਂ ਚੋਂ ਕੁਝ ਹੀ ਅਜਿਹੀਆਂ ਫ਼ਿਲਮਾਂ ਹੁੰਦੀਆਂ ਹਨ ਜੋ ਦਰਸ਼ਕਾਂ ਦੇ ਦਿਲੋ ਦਿਮਾਗ ਦੇ ਤੁਰੰਤ ਪ੍ਰਭਾਵ ਪਾਉਂਦੀਆਂ ਹਨ। ਅਜਿਹੀ ਹੀ ਇੱਕ ਫਿਲਮ ਹੈ 'ਯਾਰਾ ਵੇ' ਜੋ 5 ਅਪ੍ਰੈਲ ਨੂੰ ਰਿਲੀਜ਼ ਹੋਈ।
ਫਿਲਮ ਦੇ ਮੁੱਖ ਕਿਰਦਾਰ ਗਗਨ ਕੋਕਰੀ, ਮੋਨਿਕਾ ਗਿੱਲ, ਯੁਵਰਾਜ ਹੰਸ ਅਤੇ ਰਘਵੀਰ ਬੋਲੀ ਤੋਂ ਅਲਾਵਾ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜ਼ੁਰਬੇਕਾਰ ਅਭਿਨੇਤਾ ਸਰਦਾਰ ਸੋਹੀ, ਬੀ ਐਨ ਸ਼ਰਮਾ, ਨਿਰਮਲ ਰਿਸ਼ੀ, ਯੋਗਰਾਜ ਸਿੰਘ, ਰਾਣਾ ਜੰਗ ਬਹਾਦੁਰ, ਮਲਕੀਤ ਰੌਣੀ, ਅਤੇ ਗੁਰਪ੍ਰੀਤ ਭੰਗੂ। 'ਯਾਰਾ ਵੇ' ਵਿੱਚ ਤਿੰਨ ਦੋਸਤਾਂ ਦੀ ਭਾਰਤ ਪਾਕ ਵੰਡ ਤੋਂ ਪਹਿਲਾਂ ਦੀ ਕਹਾਣੀ ਹੈ ਅਤੇ ਕਿਵੇਂ ਭਾਰਤ ਪਾਕ ਦੀ ਵੰਡ ਇਹਨਾਂ ਦੇ ਰਿਸ਼ਤਿਆਂ ਤੇ ਜ਼ਿੰਦਗੀ ਤੇ ਅਸਰ ਪਾਉਂਦੀ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਰਾਕੇਸ਼ ਮਹਿਤਾ। ਇਸਦੀ ਸ਼ੂਟਿੰਗ ਪੰਜਾਬ ਵਿੱਚ ਇੱਕ ਖਾਸ ਸੈੱਟ ਲਗਾ ਕੇ ਕੀਤੀ ਗਈ ਹੈ। ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਗੋਲ੍ਡਰ ਬ੍ਰਿਜ ਏੰਟਰਟੇਨਮੇੰਟ ਦੇ ਬੱਲੀ ਸਿੰਘ ਕਕਾਰ ਨੇ।
ਦਵਿੰਦਰ ਸਿੰਘ, ਇੱਕ ਉਤਸ਼ਾਹਿਤ ਦਰਸ਼ਕ ਨੇ ਕਿਹਾ, "ਮੈਂ ਇਸ ਫਿਲਮ ਦਾ ਬਹੁਤ ਆਨੰਦ ਲਿਆ। ਇਸ ਚ ਸਭ ਕੁਝ ਹੈ ਕਹਾਣੀ, ਕਾਮੇਡੀ ਅਤੇ ਇਮੋਸ਼ਨ। ਜਿੱਥੋਂ ਤੱਕ ਕਿ ਫਿਲਮ ਜੋ ਸੰਦੇਸ਼ ਦੇਣਾ ਚਾਹੁੰਦੀ ਸੀ ਉਹ ਵੀ ਬਹੁਤ ਹੀ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਮੈਂ ਤਾਂ ਸਭ ਨੂੰ ਇਹੀ ਕਹਿਣਾ ਚਾਹੁੰਗਾ ਕਿ ਆਪਣੇ ਪੂਰੇ ਪਰਿਵਾਰ ਨਾਲ ਫਿਲਮ ਦੇਖਣ ਜਾਓ ਅਤੇ ਇਸਦੇ ਮਜ਼ੇ ਲਓ।"
ਸ਼ਵਿੰਦਰ ਕੌਰ, ਇੱਕ ਹੋਰ ਦਰਸ਼ਕ ਨੇ ਦੱਸਿਆ, "ਅਸੀਂ ਭਲੇ ਉਹ ਸਮੇਂ ਨਾ ਦੇਖੇ ਹੋਣ ਜੋ ਫਿਲਮ ਵਿੱਚ ਦਿਖਾਏ ਗਏ ਹਨ ਪਰ ਜਿਸ ਤਰਾਂ ਇਹਨਾਂ ਨੂੰ ਫਿਲਮ ਵਿਚ ਦਰਸਾਇਆ ਗਿਆ ਹੈ, ਉਹ ਇਸ ਤਰਾਂ ਲੱਗਦਾ ਹੈ ਜਿਵੇ ਅਸੀਂ ਖੁਦ ਉਹ ਪਲ ਜੀ ਰਹੇ ਹੋਈਏ। ਹਰ ਕਲਾਕਾਰ ਦੀ ਅਦਾਕਾਰੀ ਜਬਰਦਸਤ ਹੈ। ਮੇਰਾ ਮੰਨਨਾ ਹੈ ਕਿ ਇਹ ਫਿਲਮ ਹਰ ਉਸ ਇਨਸਾਨ ਨੂੰ ਦੇਖਣੀ ਚਾਹੀਦੀ ਹੈ ਜਿਹਨਾਂ ਦੇ ਪਰਿਵਾਰਾਂ ਨੇ ਇਸ ਵੰਡ ਦੇ ਸੰਤਾਪ ਨੂੰ ਹੰਢਾਇਆ ਹੈ।"
ਇਸ ਮੌਕੇ ਤੇ ਫਿਲਮ ਦੀ ਮੁੱਖ ਅਦਾਕਾਰਾ ਮੋਨਿਕਾ ਗਿੱਲ ਨੇ ਕਿਹਾ, "ਅਸੀਂ ਦਰਸ਼ਕਾਂ ਦੀ ਪ੍ਰਤੀਕਿਰਿਆ ਦੇਖ ਕੇ ਬਹੁਤ ਖੁਸ਼ ਹਾਂ। ਅੱਜ ਇਸ ਤਰਾਂ ਲੱਗ ਰਿਹਾ ਹੈ ਜਿਵੇਂ ਸਾਡੀ ਮਿਹਨਤ ਰੰਗ ਲਿਆਈ ਹੋਵੇ। 'ਯਾਰਾ ਵੇ' ਅਤੇ ਨਸੀਬੋ ਮੇਰੇ ਦਿਲ ਦੇ ਹਮੇਸ਼ਾ ਬਹੁਤ ਕਰੀਬ ਰਹਿਣਗੇ। ਤਾਂ ਇਹ ਦੇਖ ਕੇ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਸਾਡੀ ਫਿਲਮ ਲੋਕਾਂ ਦਾ ਮਨੋਰੰਜਨ ਕਰਨ ਚ ਸਫਲ ਹੋ ਪਾਈ ਹੈ। ਲੋਕਾਂ ਦੀ ਪ੍ਰਤੀਕਿਰਿਆ ਬਹੁਤ ਹੀ ਪ੍ਰੇਰਨਾਦਾਇਕ ਹੈ। ਮੈਂ ਸਭ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ।"
ਇਸ ਫਿਲਮ ਤੋਂ ਲੀਡ ਹੀਰੋ ਗਗਨ ਕੋਕਰੀ ਬਹੁਤ ਹੀ ਉਤਸ਼ਾਹਿਤ ਦਿਖੇ। ਉਹਨਾਂ ਨੇ ਕਿਹਾ, "ਆਪਣੇ ਆਪ ਨੂੰ ਵੱਡੇ ਪਰਦੇ ਤੇ ਆਪਣੇ ਪਰਿਵਾਰ ਨਾਲ ਦੇਖਣਾ ਬਹੁਤ ਹੀ ਅਲੱਗ ਅਨੁਭਵ ਹੈ। ਮੈਂ ਰੱਬ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਤਰਾਂ ਦਾ ਮੌਕਾ ਨਸੀਬ ਹੋਇਆ। ਮੈਨੂੰ ਦਰਸ਼ਕਾਂ ਦੇ ਲਗਾਤਾਰ ਪਿਆਰ ਭਰੇ ਸੰਦੇਸ਼ ਮਿਲ ਰਹੇ ਹਨ। 'ਯਾਰਾ ਵੇ' ਅਸੀਂ ਸੱਚੇ ਦਿਲ ਅਤੇ ਮਿਹਨਤ ਨਾਲ ਬਣਾਈ ਹੈ ਅਤੇ ਹੁਣ ਲੱਗ ਰਿਹਾ ਹੈ ਕਿ ਸਾਡੀ ਕੋਸ਼ਿਸ਼ ਸਫਲ ਹੋ ਗਈ ਹੈ। ਮੈਂ ਸਿਰਫ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਜਿਸਨੇ ਇਹ ਫਿਲਮ ਹਲੇ ਨਹੀਂ ਦੇਖੀ, ਆਪਣੇ ਨਜ਼ਦੀਕੀ ਸਿਨੇਮਾਘਰਾਂ ਚ ਜਰੂਰ ਦੇਖੋ।"
"ਸਾਡੇ ਲਈ ਇਹ ਪ੍ਰੋਜੈਕਟ ਗਣਿਤ ਅਤੇ ਹਿਸਾਬ ਕਿਤਾਬ ਨਹੀਂ ਹੈ। ਸਾਡੇ ਲਈ ਕਿਤੇ ਜਰੂਰੀ ਇਹੀ ਸੀ ਕਿ ਅਸੀਂ ਦਰਸ਼ਕਾਂ ਨਾਲ ਜੁੜੀਏ। ਅਸੀਂ ਇਸ ਫਿਲਮ ਚ ਆਪਣੀ ਪੂਰੀ ਜਾਨ ਲਗਾਈ ਹੈ ਅਤੇ ਜਿਸ ਤਰਾਂ ਦੀ ਪ੍ਰਤੀਕਿਰਿਆ ਸਾਨੂੰ ਮਿਲੀ ਹੈ ਉਹ ਸਾਡੀ ਉਮੀਦ ਤੋਂ ਪਰੇ ਹੈ। ਅਸੀਂ ਰੱਬ ਦਾ ਅਤੇ ਉਹਨਾਂ ਸਭ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਸਾਡੇ ਇਸ ਸਫ਼ਰ ਚ ਮਦਦ ਕੀਤੀ, ਹੌਂਸਲਾ ਦਿੱਤਾ ਅਤੇ ਨਾਲ ਖੜੇ ਰਹੇ। ਬੱਸ ਇਸੇ ਹੀ ਤਰਾਂ 'ਯਾਰਾ ਵੇ' ਨੂੰ ਪਿਆਰ ਦਿੰਦੇ ਰਹੀਏ ਤਾਂਕਿ ਅਸੀਂ ਅਜਿਹੀ ਹੀ ਫ਼ਿਲਮਾਂ ਬਣਾਕੇ ਆਪਣਾ ਮਨੋਰੰਜਨ ਕਰ ਸਕੀਏ", ਫਿਲਮ ਦੇ ਡਾਇਰੈਕਟਰ ਰਾਕੇਸ਼ ਮਹਿਤਾ ਨੇ ਕਿਹਾ।
'ਯਾਰਾ ਵੇ' 5 ਅਪ੍ਰੈਲ ਨੂੰ ਵਿਸ਼ਵਭਰ ਵਿੱਚ ਰਿਲੀਜ਼ ਹੋ ਚੁੱਕੀ ਹੈ।