ਜਾਣਕਾਰੀ ਦਿੰਦੇ ਗੀਤਕਾਰ ਗੁਰਨਾਮ ਸਿੰਘ 'ਗਾਮਾ ਸਿੱਧੂ'
ਫਿਰੋਜ਼ਪੁਰ 17 ਅਪ੍ਰੈਲ (ਗੁਰਿੰਦਰ ਸਿੰਘ) ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਇਕ ਪੰਜਾਬੀ ਫੀਚਰ ਫਿਲਮ ਵਿਚਲੇ ਇਕ ਉਦਾਸ ਗੀਤ 'ਤੇ ਆਪਣਾ ਦਾਅਵਾ ਠੋਕਦਿਆਂ ਪ੍ਰਸਿੱਧ ਗੀਤਕਾਰ ਗੁਰਨਾਮ ਸਿੱਧੂ ਉਰਫ ਗਾਮਾ ਸਿੱਧੂ ਨੇ ਕਿਹਾ ਕਿ ਇਹ ਗੀਤ ਉਨ੍ਹਾਂ ਦੀ ਮੌਲਿਕ ਰਚਨਾ ਹੈ, ਜਿਸ ਸਬੰਧੀ ਉਹ ਆਪਣਾ ਹੱਕ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾ ਰਹੇ ਹਨ।
ਅੱਜ ਏਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਤੋਂ ਰਾਜ ਯੁਵਾ ਪੁਰਸਕਾਰ, ਭਾਰਤ ਦੇ ਰਾਸ਼ਟਰਪਤੀ ਤੋਂ ਨੈਸ਼ਨਲ ਯੂਥ ਐਵਾਰਡ ਵਿਜੇਤਾ ਅਦਾਕਾਰ, ਕੈਮੇਡੀਅਨ, ਪੱਤਰਕਾਰ, ਐਂਕਰ (ਦੇਸੀ ਪੰਜਾਬ ਫੇਮ) ਤੇ ਗੀਤਕਾਰ ਗੁਰਨਾਮ ਸਿੱਧੂ ਨੇ ਕਿਹਾ ਕਿ ਪੰਜਾਬੀ ਦੀ ਆ ਰਹੀ ਇਕ ਚਰਚਿਤ ਪੰਜਾਬੀ ਫਿਲਮ ਵਿਚ ਉਨ੍ਹਾਂ ਦੁਆਰਾ ਰਚਿਤ ਗੀਤ, ਬਿਨ੍ਹਾਂ ਇਜਾਜ਼ਤ ਤੋਂ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਵੱਲੋਂ ਫਿਲਮ ਨਿਰਮਾਤਾਵਾਂ ਨੂੰ ਮਨਾ ਕਰਨ ਦੇ ਬਾਵਜੂਦ ਫਿਲਮ ਦੇ ਨਿਰਮਾਤਾ ਬਜਿੱਦ ਹਨ। ਉਨ੍ਹਾਂ ਕਿਹਾ ਕਿ ਪਹਿਲਾ ਤਾਂ ਗੀਤ ਵਿਚੋਂ ਉਸ ਦਾ ਨਾਂ ਤੱਕ ਵੀ ਕੱਟ ਦਿੱਤਾ ਗਿਆ, ਹੁਣ ਵਾਰ ਵਾਰ ਬੇਨਤੀ ਕਰਨ 'ਤੇ ਵੀ ਉਸ ਦਾ ਗੀਤ ਫਿਲਮ ਵਿਚੋਂ ਨਹੀਂ ਕੱਢਿਆ ਜਾ ਰਿਹਾ। ਗਾਮਾ ਸਿੱਧੂ ਨੇ ਕਿਹਾ ਕਿ ਉਹ 'ਸਕਰੀਨ ਰਾਈਟਰ ਐਸੋਸੀਏਸ਼ਨ ਮੁੰਬਈ' ਦੇ ਮੈਂਬਰ ਹਨ ਤੇ ਉਨ੍ਹਾਂ ਨੇ ਉਕਤ ਗੀਤ 30 ਨਵੰਬਰ 2018 ਨੂੰ ਰਜਿਟਰਡ ਕਰਵਾ ਲਿਆ ਸੀ ਅਤੇ ਹੁਣ ਇਸ ਫਿਲਮ ਵਿਚ ਵੀ ਇੰਨ ਬਿੰਨ ਹੀ ਪਾ ਦਿੱਤਾ ਗਿਆ। ਆਪਣੇ ਵਕੀਲਾਂ ਨਾਲ ਪ੍ਰੈਸ ਕਲੱਬ ਪੁੱਜੇ ਗਾਮਾ ਸਿੱਧੂ ਨੇ ਕਿਹਾ ਕਿ ਵਾਰ ਵਾਰ ਬੇਨਤੀ ਕਰਨ 'ਤੇ ਵੀ ਫਿਲਮ ਨਿਰਮਾਤਾਵਾਂ ਨੇ ਸੀਨਾ ਜੋਰੀ ਦਿਖਾਉਂਦਿਆਂ ਉਸ ਦੇ ਗੀਤ ਦਾ ਪੋਸਟਰ ਜਾਰੀ ਕਰ ਦਿੱਤਾ ਹੈ। ਜਿਸ ਖਿਲਾਫ਼ ਉਹ ਜਲਦ ਹੀ ਅਦਾਲਤ ਦਾ ਬੂਹਾ ਖੜਕਾ ਰਹੇ ਹਨ। ਜ਼ਿਕਰਯੋਗ ਹੈ ਕਿ ਗੁਰਨਾਮ ਸਿੱਧੂ ਦੇ ਗੀਤ, ਸਤਿੰਦਰ ਸਤਰਾਜ, ਕੁਲਵਿੰਦਰ ਬਿੱਲਾ, ਐਮੀ ਵਿਰਕ, ਮਿਸ ਪੂਜਾ, ਧਰਮਵੀਰ ਥਾਂਦੀ, ਦੀਪਕ ਹੰਸ, ਜੱਗੀ ਸਿੱਧੂ ਵਰਗੇ ਨਾਮੀ ਗਾਇਕ ਗਾ ਚੁੱਕੇ ਹਨ। ਇਸ ਮੌਕੇ ਗੁਰਨਾਮ ਸਿੱਧੂ ਨਾਲ ਵਕੀਲ ਗੁਰਸਾਹਬ ਮੱਲ ਵਕੀਲ ਮਨਜਿੰਦਰ ਭੁੱਲਰ ਹਾਈਕੋਰਟ, ਅਮਰੀਕ ਮੁਦਕਾ, ਰਾਜਵਿੰਦਰ, ਜਰਨੈਲ ਸਿੰਘ ਵਿਰਕ, ਗੀਤਕਾਰ ਸਿੱਧੂ ਸਰਬਜੀਤ, ਫਿਲਮ ਪ੍ਰੋਡਿਊਸਰ ਸਿਮਰਜੀਤ ਸੰਧੂ ਆਦਿ ਮੌਜੂਦ ਸਨ।