ਜੁਗਨੀ ਭੰਗੜਾ ਅਕੈਡਮੀ ਦਾ ਉਦਘਾਟਨ 2 ਜੂਨ ਨੂੰ
ਮੁਹਾਲੀ, 30 ਮਈ, 2019 : ਜੁਗਨੀ ਕਲਚਰਲ ਐਂਡ ਯੂਥ ਵੈੱਲਫੇਅਰ ਕਲੱਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪ੍ਰਧਾਨ ਸ. ਦਵਿੰਦਰ ਸਿੰਘ ਜੁਗਨੀ (ਭੰਗੜਾ ਕੋਚ ਤੇ ਸਟੇਟ ਐਵਾਰਡੀ) ਵੱਲੋਂ ਪਿਛਲੇ 25-30 ਸਾਲ ਤੋਂ ਭੰਗੜਾ ਕੋਚਿੰਗ ਮੁਫ਼ਤ ਦਿੱਤੀ ਜਾ ਰਹੀ ਹੈ। ਕਈ ਜਗਾ ਭੰਗੜਾ ਕੈਂਪ ਵੀ ਲਗਾਏ ਜਾ ਚੁੱਕੇ ਹਨ। ਇਸ ਸੰਸਥਾ ਵੱਲੋਂ ਅਜੋਕੀ ਪੀੜ੍ਹੀ ਨੂੰ ਆਪਣੇ ਅਮੀਰ ਸਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਕਲੱਬ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਗਤੀਵਿਧੀਆਂ ਦਾ ਮੁੱਖ ਮਕਸਦ ਲੋਕ ਕਲਾਵਾਂ ਨੂੰ ਜਿਊਂਦਾ ਰੱਖਣਾ ਹੈ। ਆਉਣ ਵਾਲੀ ਪੀੜ੍ਹੀ ਨੂੰ ਲੋਕ ਨਾਚਾਂ (ਭੰਗੜਾ, ਝੁੰਮਰ, ਸ਼ੰਮੀ, ਮਲਵਈ ਗਿੱਧਾ, ਲੁੱਡੀ ਆਦਿ) ਨਾਲ ਜੋੜਨ ਦੇ ਉਪਰਾਲੇ ਤਹਿਤ ਇਕ ਨਵਾਂ ਕਦਮ ਚੁੱਕਦਿਆਂ ਜੁਗਨੀ ਭੰਗੜਾ ਅਕੈਡਮੀ ਖੋਲ੍ਹੀ ਜਾ ਰਹੀ ਹੈ। ਇਸ ਅਕੈਡਮੀ ਦੇ ਕੋਚ ਅਸ਼ਮੀਤ ਸਿੰਘ ਹਨ ਜੋ ਕਿ ਪਹਿਲਾਂ ਹੀ ਸਰਕਾਰ ਵੱਲੋਂ ਚਲਾਈ ਮੁਹਿੰਮ ਅਨੁਸਾਰ ਨਸ਼ਾ ਛੁਡਾਊ ਕੇਂਦਰ ਵਿਖੇ ਭੰਗੜਾ ਕੋਚਿੰਗ ਮੁਫ਼ਤ ਦੇ ਰਿਹਾ ਹੈ। ਇਸ ਅਕੈਡਮੀ ਦਾ ਉਦਘਾਟਨ 2 ਜੂਨ ਨੂੰ ਸਵੇਰੇ 10:30 ਵਜੇ , ਐਸ.ਸੀ.ਓ. ਨੰਬਰ 5, ਦੂਜੀ ਮੰਜ਼ਿਲ, ਸੈਕਟਰ 126, ਨਿੱਝਰ ਰੋਡ (ਨੇੜੇ ਵੈਸਟਰਨ ਟਾਵਰ) ਖਰੜ ਵਿਖੇ ਕੀਤਾ ਜਾ ਰਿਹਾ ਹੈ।