ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ ਵੱਲੋਂ ਦੇਹਰਾਦੂਨ ਵਿਖੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾ. ਸੁਖਦਿਆਲ ਸਿੰਘ
ਪਟਿਆਲਾ, 13 ਜੂਨ 2019: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅਰੰਭ ਕੀਤੇ ਗਏ ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਯੂਨੀਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਡਾ. ਬਲਵੀਰ ਸਿੰਘ ਕੇਂਦਰ, ਪੰਜਾਬੀ ਯੂਨੀਵਰਸਿਟੀ ਦੇਹਰਾਦੂਨ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ।
ਗੁਰੂ ਨਾਨਕ ਦੇਵ ਜੀ ਅਤੇ ਸਿੱਖ ਸੰਸਥਾਵਾਂ ਬਾਰੇ ਸੈਮੀਨਾਰ ਮੌਕੇ ਸਿੱਖ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਡਾ. ਸੁਖਦਿਆਲ ਸਿੰਘ ਨੇ ਕਿਹਾ ਕਿ ਸਿੱਖ ਗੁਰੂਆਂ ਨੇ ਸਿੱਖੀ ਸਿਧਾਂਤਾਂ ਅਤੇ ਸਰਬੱਤ ਦੇ ਭਲੇ ਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਨੂੰ ਸਿੱਖ ਸੰਸਥਾਵਾਂ ਰਾਹੀਂ ਅਮਲੀ ਜਾਮਾ ਪਹਿਨਾਇਆ।ਇਹ ਸੰਸਥਾਵਾਂ ਹਨ ਪੰਗਤ ਅਤੇ ਸੰਗਤ, ਇਨ੍ਹਾਂ ਨਾਲ ਹੀ ਗੁਰਦੁਆਰਾ ਸਾਹਿਬਾਨਾਂ ਦੀ ਸਥਾਪਨਾ ਹੋਈ ਸੀ।
ਕੁੰਜੀਵਤ ਭਾਸ਼ਣ ਦੌਰਾਨ ਡਾ. ਸੁਖਦਿਆਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਭੌਤਿਕ, ਧਾਰਮਿਕ ਆਰਥਿਕ ਅਤੇ ਸਮਾਜਿਕ ਵਿਲੱਖਣਤਾ ਇਸੇ ਕਾਰਨ ਹੈ ਕਿ ਇਸ ਥਾਂ 'ਤੇ ਸਿੱਖ ਸੰਸਥਾਵਾਂઠਵਿਕਸਤ ਹੋਈਆਂ ਅਤੇ ਸਿੱਖੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਇਆ ਗਿਆ।ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ 'ਚੋਂ ਜਨਮੀ ਸਿੱਖੀ ਦੀ ਵਿਚਾਰਧਾਰਾ ਇੱਕ ਮੌਲਿਕ ਵਿਚਾਰਧਾਰਾ ਹੈ ਜੋ ਪੂਰੀ ਦੁਨੀਆਂ ਨੂੰ ਅਗਵਾਈ ਤੇ ਇਨਸਾਨੀਅਤ ਪੱਖੀ ਦਿਸ਼ਾ ਦੇਣ ਦੇ ਸਮਰੱਥ ਹੈ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸੰਗਤ ਅਤੇ ਪੰਗਤ ਪਰੰਪਰਾ ਇਸ ਕਾਰਨ ਚਲਾਈ ਸੀ ਕਿ ਊਚ ਨੀਚ ਤੇ ਜਾਤ ਪਾਤੀ ਪ੍ਰਬੰਧ ਨੂੰ ਖ਼ਤਮ ਕੀਤਾ ਜਾ ਸਕੇ, ਜਿਸ ਕਾਰਨ ਇਸ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਹੈ।
ਸੈਮੀਨਾਰ ਦੌਰਾਨ ਸਮਾਜਿਕ ਵਿਗਿਆਨ ਦੇ ਡੀਨ ਪ੍ਰੋਫੈਸਰ ਜਗਰੂਪ ਕੌਰ ਨੇ ਕਿਹਾ ਕਿ ਸਿੱਖੀ ਵਿਚਾਰਧਾਰਾ ਨੂੰ ਅਮਲੀ ਰੂਪ ਵਿੱਚ ਲਾਗੂ ਕਰਕੇ ਬੇਸਹਾਰਾ ਅਤੇ ਗਰੀਬ ਲੋਕਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ।ਗੁਰੂ ਨਾਨਕ ਦੇਵ ਜੀ ਨੇ ਜੋ ਸਿਧਾਂਤ ਸਾਨੂੰ ਦਿੱਤਾ ਉਹ ਆਪਣੇ ਆਪ ਵਿੱਚ ਇੱਕ ਵੱਡਾ ਵਰਤਾਰਾ ਸੀ ਜਿਸ ਨੂੰ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਆਧਾਰ ਬਣਾਇਆ ਜਾ ਸਕਦਾ ਹੈ।
ਗੁਰੂ ਗੋਬਿੰਦ ਸਿੰਘ ਅਧਿਐਨ ਵਿਭਾਗ ਪੰਜਾਬੀ ਯੂਨੀਰਸਿਟੀ ਦੇ ਮੁਖੀ ਡਾ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਹਰ ਮਹੀਨੇ ਦੀ ਤੇਰਾਂ ਤਰੀਕ ਨੂੰ ਅਜਿਹੇ ਸੈਮੀਨਾਰ ਕਰਵਾਏ ਜਾਣਗੇ ਜੋ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾਂ ਨੂੰ ਸਮਰਪਿਤ ਹੋਣਗੇ। ਉਨ੍ਹਾਂ ਕਿਹਾ ਕਿ ਲੰਗਰ ਅਤੇ ਪੰਗਤ ਦੀਆਂ ਸੰਸਥਾਵਾਂ ਨੂੰ ਬਰਾਬਰਤਾ ਵਾਲੇ ਸਿਧਾਂਤ ਮੁਬਾਰਕ ਹੀ ਵੇਖਣਾ ਚਾਹੀਦਾ ਹੈ ਨਾ ਕਿ ਲੰਗਰ ਨੂੰ ਮਹਿਜ਼ ਭੁੱਖ ਮਿਟਾਉਣ ਦੇ ਸੰਦਰਭ ਵਿੱਚ ਵੇਖਿਆ ਜਾਵੇ।
ਕੇਂਦਰ ਦੇ ਸਹਾਇਕ ਪ੍ਰੋਫੈਸਰ ਡਾ. ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਗੁਰਦੁਆਰਾ ਸਾਹਿਬਾਨਾਂ ਦੀ ਉਸਾਰੀ ਇਸ ਕਾਰਨ ਕਰਵਾਈ ਗਈ ਸੀ ਤਾਂ ਕਿ ਸਰਬੱਤ ਦੇ ਭਲੇ ਵਾਲੀ ਸਿੱਖੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।ਰਿਸਰਚ ਸਕਾਲਰ ਜਗਸੀਰ ਸਿੰਘ ਨੇ ਸੰਗਤઠਦੀ ਮਹਿਮਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਗਤ ਮਾਨਸਿਕ, ਸਰੀਰਕ ਤੇ ਸਮੂਹਿਕ ਰੂਪ ਵਿਚ ਪ੍ਰਾਪਤ ਹੁੰਦੀ ਹੈ।ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਤਸੰਗਤ ਨਾਲ ਜੋੜਿਆ ਹੈ।
ਰਿਸਰਚ ਸਕਾਲਰ ਗੁਰਦਿਆਲ ਸਿੰਘ ਦਾ ਕਹਿਣਾ ਸੀ ਕਿ ਪੰਗਤ ਤੇ ਸੰਗਤ ਦੀਆਂ ਸੰਸਥਾਵਾਂ ਸਮਾਜਿਕ ਬਰਾਬਰੀ ਲਈ ਵੱਡਾ ਕਦਮ ਹਨ। ਗੁਰੂ ਸਾਹਿਬਾਨਾਂ ਨੇ ਵੀ ਪੰਗਤ ਤੇ ਸੰਗਤ ਨੂੰ ਹਮੇਸ਼ਾ ਮਹੱਤਤਾ ਦਿੱਤੀ ਹੈ।ਲੰਗਰ ਦਾ ਸਾਦਾ ਭੋਜਨ ਇਸ ਗੱਲ ਦਾ ਗਵਾਹ ਹੈ ਕਿ ਮਨੁੱਖੀ ਸਿਹਤ 'ਤੇ ਵੀ ਕੋਈ ਅਸਰ ਨਾ ਪਵੇ ਤੇ ਮਾਨਸਿਕਤਾ ਵੀ ਸਹੀ ਰਹੇ।
ਡਾ. ਤੇਜਿੰਦਰਪਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਦਾ ਇੱਕ ਪੱਖ ਇਹ ਵੀ ਹੈ ਕਿ ਮਨੁੱਖ ਦੀ ਹਉਮੈ ਨੂੰ ਖ਼ਤਮ ਕਰਨ ਲਈ ਇਹ ਸੰਸਥਾਵਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਿੱਖ ਗੁਰੂਆਂ ਨੇ ਮਨੁੱਖਤਾ ਦੇ ਬੌਣੇਪਨ ਤੇ ਮਾਨਸਿਕ ਗ਼ੁਲਾਮੀ ਨੂੰ ਖ਼ਤਮ ਕਰਨ ਲਈ ਇਨ੍ਹਾਂ ਸੰਸਥਾਵਾਂ ਰਾਹੀਂ ਹੀ ਯਤਨ ਕੀਤੇ ਸਨ। ਸੈਮੀਨਾਰ ਨੂੰ ਡਾ ਤੇਜਿੰਦਰ ਕੌਰ ਧਾਲੀਵਾਲ, ਡਾ ਪ੍ਰਦੀਪ ਕੌਰ ਰਿਸਰਚ ਸਕਾਲਰ ਅਤੇ ਡਾ. ਸ਼ੁਭਕਰਨ ਸਿੰਘ ਨੇ ਵੀ ਸੰਬੋਧਨ ਕੀਤਾ।