ਚੰਡੀਗੜ੍ਹ, 27 ਜੁਲਾਈ 2019 - ਲੰਘੇ ਦਿਨੀਂ ਬਾਲੀਵੁੱਡ ਐਕਟਰ ਰਾਹੁਲ ਬੋਸ ਵੱਲੋਂ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ 'ਚ 2 ਕੇਲਿਆਂ ਬਦਲੇ 442 ਰੁਪਏ ਸਮੇਤ ਜੀਐਸਟੀ ਵਸੂਲੇ ਜਾਣ ਦਾ ਮਾਮਲਾ ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨਰ ਕੋਲ ਪੁੱਜ ਗਿਆ ਹੈ। ਇਸ ਮਾਮਲੇ 'ਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਅਤੇ ਵਿਭਾਗ ਦੇ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਜਾਂਚ ਦੇ ਹੁਕਮ ਕੀਤੇ ਹਨ।
'ਦ ਇੰਡੀਅਨ ਐਕਸਪ੍ਰੈੱਸ' ਦੀ ਖ਼ਬਰ ਮੁਤਾਬਕ ਵਿਭਾਗ ਵੱਲੋਂ ਸੈਕਟਰ 35 ਸਥਿਤ ਇਸ ਪੰਜ ਤਾਰਾ ਹੋਟਲ ਨੂੰ ਸ਼ੋ-ਕਾਜ਼ ਨੋਟਿਸ ਦਿੰਦਿਆਂ ਜਵਾਬ ਮੰਗਿਆ ਗਿਆ ਹੈ ਕਿ ਉਸ ਵੱਲੋਂ ਜੀਐਸਟੀ ਮੁਕਤ ਫਲਾਂ ਨੂੰ ਜੀਐਸਟੀ ਅਧੀਨ ਬਿੱਲ ਬਣਾ ਕੇ ਕਿਵੇਂ ਵਸੂਲਿਆ ਗਿਆ ਹੈ। ਇਸ ਮਾਮਲੇ ਨੂੰ ਸੁਲਝਾਉਣ ਲਈ ਵੀਰਵਾਰ ਨੂੰ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਹੁਲ ਬੋਸ ਨੇ ਟਵਿੱਟਰ 'ਤੇ ਵੀਡੀੳ ਬਣਾ ਕੇ ਇਸ ਜਾਣਕਾਰੀ ਨੂੰ ਸਾਂਝਾ ਕੀਤ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਰੌਲਾ ਪੈਣ ਕਾਰਨ ਪ੍ਰਸ਼ਾਸਨ ਹਰਕਤ ' ਚ ਆਇਆ।