ਰਜਨੀਸ਼ ਸਰੀਨ
ਨਵਾਂਸ਼ਹਿਰ, 7 ਸਤੰਬਰ 2019 - ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਜ਼ਿਲ੍ਹੇ ’ਚ ਕਲਰ ਟੀ ਵੀ ਚੈਨਲ ’ਤੇ ਦਿਖਾਏ ਜਾਂਦੇ ਲੜੀਵਾਰ ‘ਰਾਮ ਸੀਆ ਕੇ ਲਵ-ਕੁਸ਼’ ਦਾ ਪ੍ਰਸਾਰਣ ਤੁਰੰਤ ਪ੍ਰਭਾਵ ਨਾਲ ਇੱਕ ਮਹੀਨੇ ਵਾਸਤੇ ਮੁਲਤਵੀ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੇਬਲ ਟੈਲੀਵਿਜ਼ਨ ਨੈਟਵਰਕ (ਰੈਗੂਲੇਸ਼ਨ) ਐਕਟ 1995 ਦੇ ਸੈਕਸ਼ਨ 19 ਤਹਿਤ ਜਾਰੀ ਹੁਕਮ ਅਨੁਸਾਰ ਉਕਤ ਲੜੀਵਾਰ ਦੇ ਪ੍ਰਸਾਰਿਤ ਹੋਣ ਨਾਲ ਕੁੱਝ ਫਿਰਕਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਬਾਰੇ ਇਨ੍ਹਾਂ ਭਾਈਚਾਰਿਆਂ ਦੇ ਆਗੂਆਂ ਵੱਲੋਂ ਜ਼ਬਰਦਸਤ ਰੋਸ ਪ੍ਰਗਟਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਟੀ ਵੀ ਸੀਰੀਅਲ ਦੇ ਜਾਰੀ ਰਹਿਣ ਨਾਲ ਜ਼ਿਲ੍ਹੇ ’ਚ ਭਾਈਚਾਰ ਸਾਂਝ, ਅਮਨ ਤੇ ਕਾਨੂੰਨ ਵਿਵਸਥਾ ਭੰਗ ਹੋਣ ਦਾ ਖਦਸ਼ਾ ਬਣਨ ਤੋਂ ਰੁਕਣ ਲਈ ਉਕਤ ਸੀਰੀਅਲ ਦੇ ਪ੍ਰਸਾਰਣ ’ਤੇ ਇੱਕ ਮਹੀਨੇ ਲਈ ਰੋਕ ਲਾਈ ਜਾਂਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੇ ਕੇਬਲ ਅਪਰੇਟਰਾਂ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਇਸ ਲੜੀਵਾਰ ਦੇ ਪ੍ਰਸਾਰਣ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਦੇ ਹੁਕਮ ਦਿੱਤੇ ਹਨ।