ਪਟਨਾ, 5 ਅਕਤੂਬਰ 2019 - ਇਤਿਹਾਸਕਾਰ ਰਾਮਚੰਦਰ ਗੂਹਾ, ਅਦਾਕਾਰ ਕੋਂਕਣਾ ਸੇਨ ਸ਼ਰਮਾ, ਡਾਇਰੈਕਟਰ ਅਪਰਨਾ ਸੇਨ ਅਤੇ ਸ਼ਿਆਮ ਬੈਨੇਗਲ ਸਮੇਤ 49 ਫਿਲਮੀ ਹਸਤੀਆਂ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਖੁਲ੍ਹੀ ਚਿੱਠੀ ਲਿਖਣ 'ਤੇ ਐਫ ਆਈ ਆਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਚਿੱਠੀ ਉਹਨਾਂ ਨੇ ਭਾਰਤ ਵਿਚ ਵੱਧ ਰਹੀ ਅਸਹਿਣਸ਼ੀਲਤਾ ਬਾਰੇ ਲਿਖੀ ਸੀ।
ਜਦੋਂ ਇਹ ਐਫ ਆਈ ਆਰ ਦਰਜ ਹੋਈ ਤਾਂ ਸਭ ਕਲਾ ਪ੍ਰੇਮੀ ਹੱਕੇ ਬੱਕੇ ਰਹਿ ਗਏ। ਇਹ ਐਫ ਆਈ ਆਰ ਦਰਜ ਰਕਵਾਉਣ ਪਿਛੇ ਮੁਜ਼ੱਫਰਪੁਰ ਆਧਾਰਿਤ 50 ਸਾਲਾ ਵਕੀਲ ਸੁਧੀਰ ਕੁਮਾਰ ਓਝਾ ਦਾ ਹੱਥ ਸੀ । 1996 ਵਿਚ ਵਕੀਲ ਵਜੋਂ ਪ੍ਰੈਕਟਿਸ ਸ਼ੁਰੂ ਕਰਨ ਵਾਲੇ ਓਝਾ ਨੇ ਹੁਣ ਤੱਕ 745 ਜਨ ਹਿਤ ਪਟੀਸ਼ਨਾਂ ਯਾਨੀ ਪੀ ਆਈ ਐਲ ਦਾਇਰ ਕੀਤੀਆਂ ਹਨ ਤੇ ਉਸਦੇ ਆਪਣੇ ਮੁਤਾਬਕ ਇਹਨਾਂ ਵਿਚੋਂ 130 ਅਦਾਲਤਾਂ ਨੇ ਰੱਦ ਕਰ ਦਿੱਤੀਆਂ। ਇਹ ਪਟੀਸ਼ਨਾਂ ਉਸਨੇ ਬਾਲੀਵੁਡ ਵਿਚ ਚੁੰਬਣ ਦੇ ਦ੍ਰਿਸ਼ ਸਮੇਤ ਸਹਿਤ ਲਈ ਹਾਨੀਕਾਰਨ ਜੰਕ ਫੂਡ ਦੇ ਇਸ਼ਤਿਹਾਰਾਂ ਖਿਲਾਫ ਦਾਇਰ ਕੀਤੀਆਂ ਹਨ।
ਜਦੋਂ ਫਿਲਮੀ ਹਸਤੀਆਂ 'ਤੇ ਐਫ ਆਈ ਆਰ ਦਰਜ ਹੋਣ ਦੀ ਖਬਰ ਆਈ ਤਾਂ ਓਝਾ ਨੇ ਇਸਨੂੰ ਵਾਜਬ ਠਹਿਰਾਇਆ। ਉਸਦਾ ਇਹ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ 'ਤੇ ਉਸਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਸ ਬਾਰੇ ਮੀਡੀਆ ਵਿਚ ਖਬਰਾਂ ਲਗਵਾ ਕੇ ਉਹ ਜਾਣ ਬੁੱਝ ਕੇ ਪ੍ਰਧਾਨ ਮੰਤਰੀ ਅਤੇ ਦੇਸ਼ ਦਾ ਅਕਸ ਖਰਾਬ ਕਰਦੇ ਹਨ।
ਉਸਨੇ ਦਾਅਵਾ ਕੀਤਾ ਕਿ ਸਬੂਤ ਇਹ ਹੈ ਕਿ 62 ਹੋਰ ਕਲਾਕਾਰਾਂ ਨੇ ਉਹਨਾਂ ਨੂੰ ਚਿੱਠੀ ਲਿਖ ਕੇ ਦੇਸ਼ ਦਾ ਅਕਸ ਖਰਾਬ ਕਰਨ ਦੇ ਦੋਸ਼ ਲਗਾਏ। ਓਝਾ ਨੇ 27 ਜੁਲਾਈ ਨੂੰ 49 ਫਿਲਮੀ ਹਸਤੀਆਂ ਖਿਲਾਫ ਕੇਸ ਦਾਇਰ ਕੀਤਾ ਸੀ ਅਤੇ ਅਦਾਲਤ ਨੇ 18 ਸਤੰਬਰ ਨੂੰ ਇਹਨਾਂ ਹਸਤੀਆਂ ਖਿਲਾਫ ਕੇਸ ਦਾਇਰ ਕਰਨ ਦੇ ਹੁਕਮ ਦਿੱਤੇ ਸਨ।
ਓਝਾ ਹੁਣ ਤੱਕ ਰਿਤਿਕ ਰੋਸ਼ਨ, ਅਭਿਸ਼ੇਕ ਬੱਚਨ ਤੇ ਅਮਿਤਾਭ ਬੱਚਨ ਤੋਂ ਲੈ ਕੇ ਲਾਲੂ ਪ੍ਰਸਾਦ ਯਾਦਵ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਖਿਲਾਫ ਵੀ ਜਨ ਹਿੱਤ ਪਟੀਸ਼ਨਾਂ ਦਾਇਰ ਚੁੱਕਾ ਹੈ। 2007 ਵਿਚ ਉਸਨੇ ਧੂਮ 2 ਫਿਲਮ ਦੇ ਨਿਰਮਾਤਾਵਾਂ ਤੇ ਅਦਾਕਾਰਾਂ ਖਿਲਾਫ ਕੇਸ ਦਾਇਰ ਕੀਤਾ ਸੀ ਕਿ ਉਹਨਾਂ ਨੇ ਫਿਲਮ ਵਿਚ ਚੁੰਬਣ ਦਾ ਦ੍ਰਿਸ਼ ਵਿਖਾ ਕੇ ਨੰਗੇਜਪਨ ਨੂੰ ਉਤਸ਼ਾਹਿਤ ਕੀਤਾ ਹੈ। ਉਸਦਾ ਦਾਅਵਾ ਹੈ ਕਿ ਇਹ ਕੇਸ ਉਦੋਂ ਵਾਪਸ ਲਿਆ ਗਿਆ ਜਦੋਂ ਫਿਲਮ ਨਿਰਮਾਤਾਵਾਂ ਨੇ ਭਰੋਸਾ ਦਿੱਤਾ ਕਿ ਇਹ ਸੀਨ ਫਿਲਮ ਵਿਚੋਂ ਕੱਟ ਦਿੱਤਾ ਜਾਵੇਗਾ ਅਤੇ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ।
ਇਸੇ ਸਾਲ ਉਸਨੇ ਲਾਲੂ ਪ੍ਰਸਾਦ ਯਾਦਵ ਖਿਲਾਫ ਕੇਸ ਕਰ ਦਿੱਤਾ ਕਿ ਉਸਨੇ ਨੈਸ਼ਨਲ ਹਾਈਵੇ ਨੰਬਰ 28 'ਤੇ ਆਪਣਾ ਹੈਲੀਕਾਪਟਰ ਉਤਾਰਿਆ ਤੇ ਪਾਖਾਨੇ ਗਿਆ। ਇਹ ਕੇਸ ਰੱਦ ਕਰ ਦਿੱਤਾ ਗਿਆ ਤੇ ਹੁਣ ਪਟਨਾ ਹਾਈ ਕੋਰਟ ਵਿਚ ਸੁਣਵਾਈ ਅਧੀਨ ਹੈ। ਉਸਦਾ ਦਾਅਵਾ ਹੈ ਕਿ ਕੇਸ ਦੀ ਬਦੌਲਤ ਹੁਣ ਕੋਈ ਸਿਆਸਤਦਾਨ ਰਾਸ਼ਟਰੀ ਰਾਜਮਾਰਗ 'ਤੇ ਹੈਲੀਕਾਪਟਰ ਨਹੀਂ ਉਤਾਰਦਾ।