ਗੁਰਨਾਮ ਸਿੱਧੂ
ਫਿਰੋਜ਼ਪੁਰ 25 ਨਵੰਬਰ 2019 : ਇੱਕ ਟਾਈਮ ਸੀ ਜਦ ਫਿਰੋਜ਼ਪੁਰ ਇੱਕ ਸਰਹੱਦੀ ਜਿਲ੍ਹਾ ਹੀ ਬਣਕੇ ਰਹਿ ਗਿਆ ਸੀ। ਪਰ ਅੱਜ ਹਲਾਤ ਕੁਝ ਹੋਰ ਨੇ।ਅੱਜ ਫਿਰੋਜ਼ਪੁਰ ਦੇ ਹੁਨਰਬਾਜਾਂ ਦੀ ਤੂਤੀ ਪੂਰੀ ਦੁਨੀਆ ਵਿੱਚ ਬੋਲਦੀ ਹੈ । ਫ਼ਿਰੋਜਪੁਰ ਨੇ ਪੰਜਾਬੀ ਇੰਡਸਟਰੀ ਹੀ ਨਹੀਂ ਬਲਕਿ ਬਾਲੀਵੁੱਡ ਤੱਕ ਕਈ ਕਲਾਕਾਰ ਦਿੱਤੇ ਹਨ। ਜਿੰਨਾ ਦੇ ਕੰਮ ਦੀ ਸਲਾਹਣਾ ਪੂਰਾ ਜੱਗ ਕਰਦਾ ਹੈ। ਇਸੇ ਤਰ੍ਹਾਂ ਦੇ ਹੁਨਰ ਨੂੰ ਲੱਭਣ ਅਤੇ ਨਿਖਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਫਿਰੋਜਪੁਰ ਦੇ ਊਧਮ ਸਿੰਘ ਚੌਂਕ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਕੈਵੀ ਸਟੂਡੀਓ ਆਫ ਡਾਂਸ। ਇਸੇ ਦੇ ਚੱਲਦਿਆਂ ਅੱਜ ਕੈਵੀ ਸਟੂਡੀਓ ਆਫ ਡਾਂਸ ਵਲੋਂ ਇੱਕ ਔਡਿਸ਼ਨ ਕਰਵਾਏ ਗਏ ਜਿਸ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਦੌਰਾਨ ਜੱਜ ਸਾਹਿਬਾਨ ਦੀ ਭੂਮਿਕਾ ਮੰਨਤ ਨੂਰ (ਪੰਜਾਬੀ ਲੋਕ ਗਾਇਕਾ), ਗੈਰੀ ਢਿੱਲੋਂ (ਅਦਾਕਾਰ, ਟੀਵੀ ਐਕਰ), ਐਮੀ ਬਾਜਵਾ (ਗਾਇਕਾ), ਸਾਹਿਲ ਸ਼ਰਮਾਂ (ਕੋਰਿਓਗ੍ਰਾਫਰ) ਵਲੋਂ ਬਾਖੂਬੀ ਨਿਭਾਈ ਗਈ। ਦੱਸਣਯੋਗ ਹੈ ਕਿ ਇਸ ਮੈਗਾ ਔਡਿਸ਼ਨ ਤੋਂ ਬਾਅਦ 15 ਦਸੰਬਰ ਨੂੰ ਮੋਹਾਲੀ ਵਿਖੇ ਗ੍ਰੈਂਡ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ ਜਿਸ ਵਿੱਚ ਬੱਚਿਆਂ ਵਿੱਚੋਂ ਪ੍ਰਤਿਭਾ ਦੇ ਆਧਾਰ ਤੇ ਬੈਸਟ ਸਿੰਗਰ, ਬੈਸਟ ਐਕਟਰ, ਬੈਸਟ ਡਾਂਸਰ ਐਲਾਨਿਆ ਜਾਵੇਗਾ।
ਜਿੰਨਾ ਨੂੰ ਉਹਨਾਂ ਦੇ ਖੇਤਰ ਮੁਤਾਬਿਕ ਮੌਕਾ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਜੱਜ ਸਹਿਬਾਨਾਂ ਨੇ ਜਿੱਥੇ ਪ੍ਰਬੰਧਕਾਂ ਦੀ ਖੂਬ ਸ਼ਲਾਘਾ ਕੀਤੀ ਉੱਥੇ ਹੀ ਬੱਚਿਆਂ ਦੀ ਪ੍ਰਤਿਭਾ ਤੇ ਸੰਤੁਸ਼ਟੀ ਜਾਹਿਰ ਕੀਤੀ।ਉਧਰ ਕੈਵੀ ਸਟੂਡੀਓ ਆਫ ਡਾਂਸ ਦੇ ਮਾਲਕ ਪ੍ਰੇਮ ਪ੍ਰੀਤ ਸਿੰਘ ਅਤੇ ਅਨਿਲ ਕੁਮਾਰ ਨੇ ਪ੍ਰੈਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਿਛਲੇ ਲੰਮੇ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹਨ ਅਤੇ ਅਕਸਰ ਹੀ ਬੱਚਿਆਂ ਅੰਦਰ ਪ੍ਰਤਿਭਾ ਨੂੰ ਦੇਖ ਕੇ ਸੋਚਦੇ ਸਨ ਕਿ ਇਹਨਾਂ ਲਈ ਕੁਝ ਕੀਤਾ ਜਾਵੇ ਤਾਂ ਜੋ ਇਹ ਬੱਚੇ ਵੀ ਆਪਣਾ ਅਤੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰ ਸਕਣ। ਇਸੇ ਸੋਚ ਦੀ ਉਪਜ ਹੈ ਕੈਵੀ ਸਟੂਡੀਓ ਆਫ ਡਾਂਸ ਜਿਸਨੂੰ ਫਿਰੋਜਪੁਰ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਉਹਨਾਂ ਕਿਹਾ ਕਿ ਸਾਡਾ ਮਕਸਦ ਸਿਰਫ਼ ਪੈਸਾ ਕਮਾਉਣਾ ਨਹੀਂ ਬਲਕਿ ਬੱਚਿਆਂ ਦੇ ਹੁਨਰ ਨੂੰ ਸਹੀ ਦਿਸ਼ਾ ਦੇਣਾ ਵੀ ਹੈ