ਕਿਆਰਾ ਅਡਵਾਨੀ, ਹਾਰਡੀ ਸੰਧੂ ਅਤੇ ਬਾਦਸ਼ਾਹ ਸਮੇਤ ਪ੍ਰਸਿੱਧ ਸਖ਼ਸ਼ੀਅਤਾਂ ਨੇ ਲਗਵਾਈ ਹਾਜ਼ਰੀ
ਚੰਡੀਗੜ੍ਹ 28 ਨਵੰਬਰ 2019: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਸੰਗੀਤਕ ਸ਼ਾਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ, ਮਿਊਜ਼ਿਕ ਕੰਪੋਜ਼ਰ ਤਨਿਸ਼ਕ ਬਾਗ਼ਚੀ, ਪੰਜਾਬੀ ਗਾਇਕ ਹਾਰਡੀ ਸੰਧੂ, ਪ੍ਰਸਿੱਧ ਰੈਪਰ ਬਾਦਸ਼ਾਹ ਅਤੇ ਡਾਇਰੈਕਟਰ ਰਾਜ ਮਹਿਤਾ ਤੋਂ ਇਲਾਵਾ ਰੁਦਰ ਬੈਂਡ ਦੀ ਟੀਮ ਨੇ ਵੀ ਆਪਣੀ ਹਾਜ਼ਰੀ ਲਗਵਾਈ। ਜਿਨ੍ਹਾਂ ਨੇ ਆਪਣੀਆਂ ਇੱਕ ਤੋਂ ਵੱੱਧ ਇੱਕ ਪੇਸ਼ਕਾਰੀਆਂ ਨਾਲ ਵੱਡੀ ਗਿਣਤੀ ਵਿਦਿਆਰਥੀਆਂ ਦਾ ਖੂਬ ਸਮਾਂ ਬੰਨ੍ਹਿਆਂ। ਇਸ ਦੌਰਾਨ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਅਤੇ ਕਿਆਰਾ ਅਡਵਾਨੀ ਦੀ ਸਟੇਜ 'ਤੇ ਮੋਟਰਸਾਈਕਲ ਨਾਲ ਹੋਈ ਧਮਾਕੇਦਾਰ ਐਂਟਰੀ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਜ਼ਿਕਰਯੋਗ ਹੈ ਕਿ ਇਸ ਦੌਰਾਨ ਅਕਸ਼ੇ ਕੁਮਾਰ, ਕਿਆਰਾ ਅਡਵਾਨੀ, ਤਨਿਸ਼ਕ ਬਾਗ਼ਚੀ, ਹਾਰਡੀ ਸੰਧੂ ਅਤੇ ਰੈਪਰ ਬਾਦਸ਼ਾਹ ਦੀ ਹਾਜ਼ਰੀ ਵਿੱਚ ਬਾਲੀਵੁਡ ਫ਼ਿਲਮ 'ਗੁੱਡ ਨਿਊਜ਼' ਦਾ ਪਹਿਲਾ ਪਾਰਟੀ ਗੀਤ 'ਚੰਡੀਗੜ੍ਹ ਮੇਂ' ਜਾਰੀ ਕੀਤਾ ਗਿਆ।ਜੋ ਕਿ ਤਨੀਸ਼ਕ ਬਾਗ਼ਚੀ ਵੱਲੋਂ ਕੰਪੋਜ਼ ਕੀਤਾ ਗਿਆ ਹੈ ਅਤੇ ਹਾਰਡੀ ਸੰਧੂ ਅਤੇ ਬਾਦਸ਼ਾਹ ਵੱਲੋਂ ਗਾਇਆ ਗਿਆ ਹੈ।ਜਿਸ ਦਾ ਟੀਜ਼ਰ ਹਾਲ ਹੀ ਵਿੱਚ ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੁਸਾਂਝ, ਬਾਲੀਵੁੱਡ ਪ੍ਰਸਿੱਧ ਨਿਰਦੇਸ਼ਕ ਕਰਨ ਜ਼ੋਹਰ ਸਮੇਤ ਕਈ ਅਦਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਦਰਸ਼ਕਾਂ ਨਾਲ ਸ਼ੇਅਰ ਕੀਤਾ ਸੀ। ਇਸ ਦੌਰਾਨ ਅਕਸ਼ੇ ਕੁਮਾਰ ਅਤੇ ਸਮੁੱਚੀ ਟੀਮ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ 8700 ਵਿਦਿਆਰਥੀਆਂ ਦੀ ਮੌਜੂਦਗੀ ਵਿੱਚ 'ਚੰਡੀਗੜ੍ਹ ਮੇਂ' ਗੀਤ ਦੀ ਧੁੰਨ 'ਤੇ ਡਾਂਸ ਸਟੈਪ ਰਾਹੀ 'ਫ਼ਲੈਸ਼ ਮੌਬ' ਰਿਕਾਰਡ ਵੀ ਸਥਾਪਿਤ ਕਰਨ ਸਬੰਧੀ ਕੋਸ਼ਿਸ਼ ਕੀਤੀ ਗਈ। ਜੋ ਕਿ ਇਸ ਤੋਂ ਪਹਿਲਾਂ ਸ਼ਿਮਲਾ ਡਾਂਸਰ ਵੱਲੋਂ 8000 ਲੋਕਾਂ ਨਾਲ ਸਥਾਪਿਤ ਕੀਤਾ ਗਿਆ ਸੀ।
ਸਮਾਗਮ ਦੌਰਾਨ ਅਕਸ਼ੇ ਕੁਮਾਰ ਅਤੇ ਕਿਆਰਾ ਅਡਵਾਨੀ ਦੀ ਜੋੜੀ ਨੇ ਬਾਲੀਵੁਡ ਦੇ ਹਿੱਟ ਗੀਤਾਂ 'ਤੇ ਆਪਣੀਆਂ ਡਾਂਸ ਪੇਸ਼ਕਾਰੀਆਂ ਦਿੱਤੀਆਂ, ਜਿਸ ਨੇ ਹਾਜ਼ਰੀਨਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਇਸ ਦੌਰਾਨ ਅਕਸ਼ੇ ਕੁਮਾਰ ਅਤੇ ਕਿਆਰਾ ਅਡਵਾਨੀ ਨੇ ਆਉਣ ਵਾਲੀ ਫ਼ਿਲਮ 'ਗੁੱਡ ਨਿਊਜ਼' ਦੇ ਰਿਲੀਜ਼ ਕੀਤੇ ਪਾਰਟੀ ਗੀਤ 'ਤੇ ਵੀ ਆਪਣੀ ਪੇਸ਼ਕਾਰੀ ਦਿੱਤੀ। ਦੱਸਣਯੋਗ ਹੈ ਕਿ ਸਮਾਗਮ ਦੌਰਾਨ ਅਕਸ਼ੇ ਕੁਮਾਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਫਾਈਨ ਆਰਟ ਵਿਭਾਗ ਦੀ ਵਿਦਿਆਰਥਣ ਪਾਰਖੀ ਨਾਲ ਵਿਸ਼ੇਸ਼ ਤੌਰ 'ਤੇ ਡਾਂਸ ਪੇਸ਼ ਕੀਤਾ। ਇਸ ਉਪਰੰਤ ਪੰਜਾਬੀ ਗਾਇਕ ਹਾਰਡੀ ਸੰਧੂ ਨੇ ਸਟੇਜ 'ਤੇ 'ਕਯਾ ਬਾਤ ਹੈ' ਗੀਤ ਨਾਲ ਐਂਟਰੀ ਕਰਦਿਆਂ ਮਾਹੌਲ ਨੂੰ ਤਰੋ ਤਾਜ਼ਾ ਰੱਖਦਿਆਂ ਆਪਣੇ ਸੁਪਰਹਿੱਟ ਗੀਤਾਂ ਨਾਲ ਸਰੋਤਿਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਹਾਰਡੀ ਸੰਧੂ ਅਤੇ ਬਾਦਸ਼ਾਹ ਨੇ 'ਚੰਡੀਗੜ੍ਹ ਮੇਂ' ਗੀਤ ਸਰੋਤਿਆਂ ਸਾਹਮਣੇ ਪੇਸ਼ ਕਰਕੇ ਖੂਬ ਵਾਹ ਵਾਹ ਲੁੱਟਦਿਆਂ ਪ੍ਰੋਗਰਾਮ ਨੂੰ ਯਾਦਗਾਰੀ ਬਣਾ ਦਿੱਤਾ। ਇਸ ਦੌਰਾਨ ਰੁਦਰ ਬੈਂਡ ਟੀਮ ਨੇ 'ਵੰਦੇ ਮਾਤਰਮ', ਦਿਲ ਸੇ ਆਦਿ ਗੀਤਾਂ ਨਾਲ ਆਪਣੀਆਂ ਬਾ-ਕਮਾਲ ਪੇਸ਼ਕਾਰੀਆਂ ਦਿੰਦੇ ਹੋਏ ਹਾਜ਼ਰੀਨਾਂ ਦਾ ਖੂਬ ਸਮਾਂ ਬੰਨ੍ਹਿਆਂ। ਸਮਾਗਮ ਦੇ ਅੰਤ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੱਲੋਂ ਸਮਾਗਮ ਦੌਰਾਨ ਪਹੁੰਚੇ ਅਦਾਕਾਰਾਂ ਅਤੇ ਕਲਾਕਾਰਾਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ।
ਇੱਥੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਕਸ਼ੇ ਕੁਮਾਰ ਨੇ ਗੁੱਡ ਨਿਊਜ਼ ਨੂੰ ਸਾਲ ਦੀ ਬਿਹਤਰੀਨ ਮਨੋਰੰਜਨ ਭਰਪੂਰ ਫ਼ਿਲਮ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਹਾਰਡੀ ਸੰਧੂ ਅਤੇ ਬਾਦਸ਼ਾਹ ਨੇ 'ਚੰਡੀਗੜ੍ਹ ਮੇਂ' ਗੀਤ ਨੂੰ ਬਾਕਮਾਲ ਤਰੀਕੇ ਨਾਲ ਗਾ ਕੇ ਚੰਗਾ ਪਾਰਟੀ ਗੀਤ ਸਰੋਤਿਆਂ ਦੀ ਝੋਲੀ ਪਾਇਆ ਹੈ।ਦੱਸਣਯੋਗ ਹੈ ਕਿ 'ਗੁੱਡ ਨਿਊਜ਼' ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਅਤੇ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।