ਪੰਜਾਬ ਫਿਲਮ ਤੁੰ ਮੇਰਾ ਕੀ ਲੱਗਦਾ ਦੇ ਹੀਰੋ ਹਰਜੀਤ ਹਰਮਨ ਅਤੇ ਸ਼ਿਫਾਲੀ ਸਰਮਾਂ
ਹਰੇਕ ਦੁਨਿਆਵੀ ਰਿਸ਼ਤੇ ਦੀ ਬਾਤ ਪਾਉਂਦੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' 6 ਦਸੰਬਰ ਨੂੰ ਹੋਵੇਗੀ ਰਿਲੀਜ਼
ਮੋਹਾਲੀ, 04 ਦਸੰਬਰ 2019: ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਦੀ ਦੂਸਰੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' 6 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਪੋਸਟਰ ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ।
ਫ਼ਿਲਮ ਦੇ ਪੋਸਟਰ ਰਿਲੀਜ਼ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੇ ਪ੍ਰੋਡਿਊਸਰ ਗੁਰਮੀਤ ਸਾਜਨ, ਗਾਇਕ ਤੇ ਹੀਰੋ ਹਰਜੀਤ ਹਰਮਨ, ਹੀਰੋਇਨ ਸ਼ਿਫਾਲੀ ਸ਼ਰਮਾ ਨੇ ਦੱਸਿਆ ਕਿ ਵਿਨਰਜ਼ ਫ਼ਿਲਮ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਇਹ ਫ਼ਿਲਮ 100 ਦੇ ਕਰੀਬ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਹਰਜੀਤ ਹਰਮਨ, ਨਿੰਜਾ, ਆਰ. ਨੈਤ, ਸ਼ਿਪਰਾ ਗੋਇਲ, ਸੁਦੇਸ਼ ਕੁਮਾਰੀ ਦੇ ਵਧੀਆ ਗੀਤਾਂ ਨਾਲ ਸ਼ਿੰਗਾਰਿਆ ਗਿਆ ਹੈ। ਤਿੰਨ ਗੀਤ ਹਰਜੀਤ ਹਰਮਨ ਵੱਲੋਂ ਗਾਏ ਗਏ ਹਨ। ਹਿੰਦੀ ਸੀਰੀਅਲ 'ਬਾਣੀ' ਵਿਚ ਹੀਰੋਇਨ ਦਾ ਕਿਰਦਾਰ ਨਿਭਾ ਚੁੱਕੀ ਅਤੇ 'ਦੀਆ ਔਰ ਬਾਤੀ ਹਮ', 'ਤੇਰੇ ਬਿਨ' ਸੀਰੀਅਲਾਂ ਵਿਚ ਵੀ ਕੰਮ ਕਰ ਚੁੱਕੀ ਸ਼ਿਫ਼ਾਲੀ ਸ਼ਰਮਾ ਇਸ ਫ਼ਿਲਮ ਵਿਚ ਵੀ ਹੀਰੋਇਨ ਦੇ ਤੌਰ 'ਤੇ ਭੂਮਿਕਾ ਨਿਭਾ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਮੋਗਾ, ਜੀਰਾ, ਤਲਵੰਡੀ ਅਤੇ ਤਰਨਤਾਰਨ ਆਦਿ ਸ਼ਹਿਰਾਂ ਵਿਚ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਰਿਸ਼ਤਿਆਂ ਨਾਤਿਆਂ ਉਤੇ ਬਣਾਈ ਗਈ ਇਸ ਫ਼ਿਲਮ ਵਿਚ ਕਮੇਡੀ, ਇਮੋਸ਼ਨਲ, ਸੀਰੀਅਸ ਅਤੇ ਲੜਾਈ ਝਗੜੇ ਵਾਲੇ ਸੀਨ ਬਹੁਤ ਹੀ ਵਧੀਆ ਢੰਗ ਨਾਲ ਫਿਲਮਾਏ ਗਏ ਹਨ ਅਤੇ ਫ਼ਿਲਮ ਹਰੇਕ ਦੁਨਿਆਵੀ ਰਿਸ਼ਤੇ ਦੀ ਬਾਤ ਪਾਉਂਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਫ਼ਿਲਮ ਦਰਸ਼ਕਾਂ ਦੀ ਕਸੌਟੀ 'ਤੇ ਖਰੀ ਉਤਰੇਗੀ।
ਗਾਇਕ ਹਰਮਨ ਨੇ ਇਸ ਮੌਕੇ ਆਪਣੇ ਪੁਰਾਣੇ ਜਿਗਰੀ ਯਾਰ, ਜੋੜੀਦਾਰ ਅਤੇ ਸੱਭਿਆਚਾਰਕ ਗੀਤ ਲਿਖਣ ਵਾਲੇ ਗੀਤਕਾਰ ਪ੍ਰਗਟ ਲਿੱਤਰਾਂਵਾਲ਼ਾ ਨੂੰ ਵੀ ਯਾਦ ਕੀਤਾ ਜਿਨ੍ਹਾਂ ਦੀ ਇਹ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਮੌਤ ਹੋ ਚੁੱਕੀ ਸੀ। ਉਨ੍ਹ ਪ੍ਰਗਟ ਵੱਲੋਂ ਲਿਖੇ ਵਧੀਆ ਗੀਤਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ ਜਿਸ ਕਰਕੇ ਹਰਮਨ ਦੀ ਪਹਿਚਾਣ ਬਣੀ। ਇਸ ਮੌਕੇ ਨਰਿੰਦਰ ਨੀਨਾ, ਅਰੁਣ ਨਾਭਾ ਵੀ ਹਾਜ਼ਰ ਸਨ।