ਚੰਡੀਗੜ੍ਹ, 10 ਜਨਵਰੀ 2020 - ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਹਰ ਸਮਾਂ ਜੱਦੋਜਹਿਦ ਕਰਦੇ ਰਹਿੰਦੇ ਪੰਡਿਤਰਾਓ ਧਰਨੇਵਰ ਵੱਲੋਂ ਹੁਣ ਪੰਜਾਬੀ ਗਾਇਕ ਬੱਬੂ ਮਾਨ ਨੂੰ ਖੁੱਲ੍ਹਾ ਪੱਤਰ ਲਿਖ ਕੇ ਮਾਫੀ ਮੰਗਣ ਲਈ ਆਖਿਆ ਗਿਆ ਹੈ। ਆਖਰ ਕੀ ਹੈ ਵਜ੍ਹਾ ਕਿ ਉਨ੍ਹਾਂ ਦੁਆਰਾ ਬੱਬੂ ਮਾਨ ਨੂੰ ਖਤ ਲਿਖਿਆ ਗਿਆ ? ਜਾਨਣ ਲਈ ਪੰਡਿਤਰਾਓ ਵੱਲੋਂ ਲਿਖਿਆ ਖਤ ਹੇਠ ਪੜ੍ਹੋ:-
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
ਖੁੱਲ੍ਹਾ ਪੱਤਰ..............
ਤੇਜਿੰਦਰ ਸਿੰਘ ਉਰਫ ਬੱਬੂ ਮਾਨ ਜੀ
ਬਹੁਤ ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਹਾਡੇ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਹੋਈ ਇੱਕ ਵੀਡੀਓ ਵਿੱਚ ਜੋ ਤੁਸੀਂ ਮਜ਼ਾਕ ਦੇ ਲਹਿਜ਼ੇ ਵਿੱਚ ਮਰਾਸੀ ਬਰਾਦਰੀ ਦੀਆਂ ਔਰਤਾਂ ਬਾਰੇ ਬੋਲੇ ਗਏ ਵਿਅੰਗਮਈ ਸ਼ਬਦਾਂ ਤੋਂ ਸਾਰੀ ਮਰਾਸੀ ਬਰਾਦਰੀ ਦੁਖੀ ਹੈ। ਇਹਨਾਂ ਮਰਾਸੀ ਲੋਕਾਂ ਦੇ ਦਿਲਾਂ ਨ੍ਹੂੰ ਗਹਿਰੀ ਠੇਸ ਪਹੁੰਚੀ ਹੈ।
ਇਸ ਤੋਂ ਇਲਾਵਾ ਤੁਹਾਡੇ ਲਿਖੇ ਅਤੇ ਗਾਇਆ ਗਿਆ ਗਾਣਾ ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ ਵੀ ਔਰਤ ਦੀ ਬੇਅਦਬੀ ਕਰਦਾ ਹੈ। ਭਾਵੇਂ ਤੁਸੀ ਇਹ ਗੀਤ ਸਟੇਜ 'ਤੇ ਗਾਉਣਾ ਬੰਦ ਕੀਤਾ ਹੋਇਆ ਹੈ, ਪਰ ਕਰਨ ਔਜਲਾ ਇਹ ਗੀਤ ਸਟੇਜ ਤੇ ਸ਼ਰੇਆਮ ਗਾਉਂਦਾ ਹੈ ਅਤੇ ਔਰਤ ਨੂੰ ਜ਼ਲੀਲ ਕਰਦਾ ਹੈ। (ਕਰਨ ਔਜਲਾ ਦੇ ਸ਼ੋਅ ਦੀ ਰਿਕਾਰਡਿੰਗ ਮੇਰੇ ਕੋਲ ਹੈ)
ਮੈਂ ਤੁਹਾਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਤੁਸੀਂ ਮਰਾਸੀ ਸਮਾਜ ਤੋਂ ਜਨਤਕ ਹੋ ਕੇ ਮੁਆਫੀ ਮੰਗੋ ਜੀ। ਮੈਂ ਆਸ ਵੀ ਕਰਦਾ ਹਾਂ ਕਿ ਦਿਆਲੂ ਮਰਾਸੀ ਬਰਾਦਰੀ ਤੁਹਾਨੂੰ ਜਰੂਰ ਮੁਆਫ ਕਰ ਦੇਵੇਗੀ।
ਇਸ ਤੋਂ ਇਲਾਵਾ ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ ਗਾਉਣ ਲਈ ਵੀ ਮਾਫੀ ਮੰਗ ਲੈਣਾ ਤਾਂ ਕਿ ਭਵਿੱਖ ਵਿੱਚ ਕੋਈ ਵੀ ਗਾਇਕ ਲੱਚਰਤਾ, ਸ਼ਰਾਬੀ ਅਤੇ ਹਥਿਆਰਾਂ ਦੇ ਗਾਣਿਆਂ ਨੂੰ ਗਾਉਣ ਦੀ ਹਿੰਮਤ ਨਾ ਕਰੇ।
ਮੈ, ਪੰਡਿਤਰਾਓ ਧਰਨੇਰਵਰ ਤੁਹਾਡਾ ਬਹੁਤ ਵੱਡਾ ਸ਼ੁਭ ਚਿੰਤਕ ਹਾਂ। ਤੁਹਾਡਾ ਮਾਨ-ਸਨਮਾਨ ਬਰਕਰਾਰ ਹੁਖਣਾ ਹੀ ਮੇਰਾ ਮੁੱਖ ਮਕਸਦ ਹੈ।
ਤੁਹਾਡਾ ਸ਼ੁਭ ਚਿੰਤਕ
ਪੰਡਿਤਰਾਓ ਧਰਨੇਵਰ
ਸਹਾਇਕ ਪ੍ਰੋਫੈਸਰ,
9988351695