- ਕਿਹਾ ਸਿੱਧੂ ਮੂਸੇ ਵਾਲਾ ਨਾਲ ਚੱਲਦੀ ਸੀ ਰਿਸ਼ਤੇ ਦੀ ਗੱਲ ਪਰ ਸਿਰੇ ਨਾ ਚੜ੍ਹ ਸਕੀ
- 2017 ਚ ਸਿੱਧੂ ਮੂਸੇ ਵਾਲਾ ਤੇ ਕਮਲਦੀਪ ਕੌਰ ਸਟੂਡੈਂਟ ਵੀਜ਼ੇ ਤੇ ਗਏ ਸਨ ਕੈਨੇਡਾ
- ਕਮਲਦੀਪ ਮੁਤਾਬਿਕ ਉਨ੍ਹਾਂ ਦੇ ਚੰਗੇ ਰਿਲੇਸ਼ਨ ਸਨ
- ਐੱਨ.ਆਰ.ਆਈ. ਥਾਣਾ ਮੋਗਾ ਦੇ ਵਿੱਚ ਸ਼ਿਕਾਇਤ ਪੱਤਰ ਭੇਜ ਕੇ ਲੜਕੀ ਨੇ ਕਾਰਵਾਈ ਦੀ ਕੀਤੀ ਮੰਗ
- ਜਿਸ ਫੋਨ ਤੋਂ ਮਿਲੀਆਂ ਧਮਕੀਆਂ, ਨੰਬਰ ਇੰਗਲੈਂਡ ਦਾ, ਸਾਈਬਰ ਕ੍ਰਾਇਮ ਕਰ ਰਿਹਾ ਜਾਂਚ
ਮੋਗਾ, 10 ਜਨਵਰੀ 2020 - ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਨਾਲ ਜੂਝਦੇ ਆ ਰਹੇ ਹਨ ਅਜਿਹੇ 'ਚ ਹੀ ਉਨ੍ਹਾਂ ਨਾਲ ਇੱਕ ਵਿਵਾਦ ਹੋਰ ਜੁੜ ਗਿਆ ਹੈ। ਮੋਗਾ ਦੇ ਐੱਨ. ਆਰ. ਆਈ. ਥਾਣੇ 'ਚ ਕਮਲਦੀਪ ਕੌਰ ਨਾਂਅ ਦੀ ਇੱਕ ਲੜਕੀ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ। ਜਿਸ ਸਬੰਧੀ ਐੱਨਆਰਆਈ ਥਾਣਾ ਦੇ ਐੱਸ.ਐੱਚ.ਓ. ਹਰਜਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇੱਕ ਕੈਨੇਡਾ ਤੋਂ ਕਮਲਦੀਪ ਕੌਰ ਐੱਨ.ਆਰ.ਆਈ. ਲੜਕੀ ਦਾ ਇੱਕ ਸ਼ਿਕਾਇਤ ਪੱਤਰ ਮਿਲਿਆ ਹੈ, ਜਿਸ 'ਚ ਉਸ ਨੇ ਦੱਸਿਆ ਹੈ ਕਿ ਸਿੱਧੂ ਮੂਸੇਵਾਲਾ ਸਾਲ 2017 'ਚ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਉਸ ਵਕਤ ਕਮਲਦੀਪ ਕੌਰ ਨੇ ਹੀ ਉਸ ਨੂੰ ਉੱਥੇ ਸਾਂਭਿਆ ਸੀ ਪਰ ਹੁਣ ਉਹ ਉਸ ਨੂੰ ਫੋਨ 'ਤੇ ਧਮਕੀਆਂ ਦੇਣ ਦੇ ਨਾਲ-ਨਾਲ ਗ਼ਲਤ ਸੰਦੇਸ਼ ਪਾ ਰਿਹਾ ਹੈ।
ਇਸ ਲੜਕੀ ਨੇ ਪੱਤਰ 'ਚ ਲਿਖਿਆ ਹੈ ਕਿ ਉਨ੍ਹਾਂ ਨੇ ਸਿੱਧੂ ਮੂਸੇ ਵਾਲੇ ਦੀ ਸਮੇਂ-ਸਮੇਂ 'ਤੇ ਉਨ੍ਹਾਂ ਵੱਲੋਂ ਬਹੁਤ ਵਾਰ ਮਦਦ ਕੀਤੀ ਗਈ ਸੀ ਅਤੇ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਉਨ੍ਹਾਂ ਦੇ ਪਰਿਵਾਰ ਨਾਲ ਰਿਸ਼ਤੇ ਬਾਰੇ ਵੀ ਗੱਲ ਚਲਾਈ ਸੀ ਪਰ ਗੱਲ ਸਿਰੇ ਨਾ ਲੱਗ ਸਕੀ। ਉਸ ਤੋਂ ਬਾਅਦ ਉਸ ਦਾ ਕਿਸੇ ਹੋਰ ਮੁੰਡੇ ਨਾਲ ਵਿਆਹ ਹੋ ਗਿਆ ਸੀ। ਸ਼ਿਕਾਇਤ ਪੱਤਰ ਵਿੱਚ ਲੜਕੀ ਵੱਲੋਂ ਕਿਹਾ ਗਿਆ ਹੈ ਕਿ ਇਹ ਨੰਬਰ ਸਿੱਧੂ ਮੂਸੇ ਵਾਲੇ ਦਾ ਹੈ ਇਸ ਨੰਬਰ ਤੋਂ ਉਸ ਨੂੰ ਵੀ ਕਾਫੀ ਭੱਦੀ ਸ਼ਬਦਾਵਲੀ ਬੋਲੀ ਗਈ ਹੈ ਅਤੇ ਗਲਤ ਮੈਸੇਜ ਆ ਰਹੇ ਹਨ ਅਤੇ ਉਸ ਦੀ ਨੌਂ ਸਾਲਾਂ ਦੀ ਇੱਕ ਲੜਕੀ ਹੈ ਉਸ ਬਾਰੇ ਵੀ ਗਲਤ ਭੱਦੀ ਸ਼ਬਦਾਵਲੀ ਲਿਖੀ ਗਈ ਹੈ।
ਇਸ ਸੰਬੰਧੀ ਥਾਣਾ ਐੱਨ. ਆਰ. ਆਈ. ਦੇ ਮੁਖੀ ਇੰਸਪੈਕਟਰ ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਲਿਖਤੀ ਸ਼ਿਕਾਇਤ ਆਈ ਹੈ, ਜੋ ਗ਼ਲਤ ਸੰਦੇਸ਼ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਸਾਈਬਰ ਕ੍ਰਾਈਮ 'ਚ ਜਾਂਚ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।