ਜੀ ਐਸ ਪੰਨੂ
ਪਟਿਆਲਾ, 26 ਫਰਵਰੀ 2020 - ਪਟਿਆਲਾ ਹੈਰੀਟੇਜ ਫੈਸਟੀਵਲ-2020 ਦੇ ਚੌਥੇ ਦਿਨ ਦੇ ਸਮਾਰੋਹਾਂ ਦੀ ਲੜੀ ਤਹਿਤ ਇੱਥੇ ਫੂਲ ਸਿਨੇਮਾ ਵਿਖੇ ਦਿਖਾਈ ਗਈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ 'ਤੇ ਅਧਾਰਤ ਫ਼ਿਲਮ 'ਨਾਨਕ ਨੂਰ-ਏ-ਇਲਾਹੀ' ਦੇ ਮੁਫ਼ਤ ਦਿਖਾਏ ਗਏ ਦੋ ਸ਼ੋਆਂ ਨੂੰ ਵਿਦਿਆਰਥੀਆਂ, ਆਮ ਲੋਕਾਂ ਸਮੇਤ ਅਹਿਮ ਸ਼ਖ਼ਸੀਅਤਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ। ਇਹ ਫ਼ਿਲਮ, ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰੂ ਸਾਹਿਬ ਦੇ ਸਿਧਾਂਤਾਂ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਤੋਂ ਜਾਣੂ ਕਰਵਾਉਣ ਲਈ ਉਚੇਚੇ ਕੀਤੇ ਗਏ ਪ੍ਰਬੰਧਾਂ ਦੇ ਮੱਦੇਨਜ਼ਰ ਦਿਖਾਈ ਗਈ ਹੈ।
ਉੱਘੇ ਨਿਰਮਾਤਾ ਸ੍ਰੀ ਵਿਕਾਸ ਪਰਾਸ਼ਰ ਤੇ ਸਿੱਖ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉਦੋਕੋ ਦੀ ਪ੍ਰੋਡਕਸ਼ਨ ਅਤੇ ਸ੍ਰੀ ਵਿਸ਼ਾਲ ਸ਼ਰਮਾ ਤੇ ਧਰਮਿੰਦਰ ਆਨੰਦ ਦੀ ਨਿਰਦੇਸ਼ਨਾਂ ਹੇਠਲੀ ਫ਼ਿਲਮ 'ਨਾਨਕ ਨੂਰ-ਏ-ਇਲਾਹੀ' 'ਚ ਟੀਨੂ ਸ਼ਰਮਾ ਨੇ ਮੁੱਖ ਅਦਾਕਾਰਾ, ਦਾਊਦ ਦੇ ਰੂਪ 'ਚ ਡਾਲੀ, ਅੰਮ੍ਰਿਤਸਰ ਪਿੰਗਲਵਾੜੇ 'ਚ ਪੜ੍ਹੀ ਦਿਲਪ੍ਰੀਤ ਮੁਸਕਾਨ, ਰਿਤੂ ਨੂਰਾ, ਹਰਪ੍ਰੀਤ ਰਿੰਪੀ ਨੇ ਭੁਮਿਕਾ ਨਿਭਾਈ ਹੈ ਤੇ ਮਿਊਜ਼ਿਕ ਗੁਲਸ਼ਨ ਮੀਰ-ਰੇਖਾ ਮੀਰ, ਜੱਸੀ ਨਿਹਾਲੂਵਾਲ ਨੇ ਦਿੱਤਾ। ਅੱਜ ਫੂਲ ਸਿਨੇਮਾ ਵਿਖੇ ਇਨ੍ਹਾਂ ਸਾਰੇ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਫ਼ਿਲਮ 'ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਸਮੇਂ ਅਜੋਕੇ ਪਾਕਿਸਤਾਨ ਦੇ ਪਿੰਡ ਬੁਲਾਣੀ 'ਚ ਵੱਸਦੇ ਜੁਲਾਹੇ ਦਾਊਦ ਦੇ ਜੀਵਨ ਵਿੱਚ ਆਈ ਤਬਦੀਲੀ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਭਾਵਪੂਰਤ ਢੰਗ ਨਾਲ ਦਰਸਾਇਆ ਗਿਆ ਹੈ। ਇਸ ਫ਼ਿਲਮ 'ਚ ਗੁਰੂ ਨਾਨਕ ਸਾਹਿਬ ਦੀ ਤਸਵੀਰ, ਉਨ੍ਹਾਂ ਦਾ ਝਲਕਾਰਾ ਤੇ ਕਿਸੇ ਰੌਸ਼ਨੀ ਆਦਿ ਨੂੰ ਦਿਖਾਉਣ ਤੋਂ ਬਿਨ੍ਹਾਂ ਹੀ ਉਨ੍ਹਾਂ ਦੇ ਸਿਧਾਂਤੀ ਪੂਰੀ ਵਿਆਖਿਆ ਕੀਤੀ ਗਈ ਹੈ।
ਫ਼ਿਲਮ ਦੇਖਣ ਮਗਰੋਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਗੁਰੂ ਸਾਹਿਬ ਦੇ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦੇ ਮੂਲ ਸਿਧਾਂਤ ਨੂੰ ਪੱਲੇ ਬੰਨਣਾਂ ਤੇ ਇਸ ਉਪਰ ਅਮਲ ਕਰਕੇ ਸਮਾਜ ਦੀਆਂ ਸਾਰੀਆਂ ਬੁਰਾਈਆਂ ਦਾ ਹੱਲ ਕਰੇਗਾ। ਡਾ. ਘੁੰਮਣ ਨੇ ਇਸ ਫ਼ਿਲਮ ਨੂੰ ਭਾਰਤ ਦੀ ਅਜੋਕੀ ਸਥਿਤੀ ਮੌਕੇ ਸੁੱਖ, ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਸਾਰੇ ਦੇਸ਼ 'ਚ ਦਿਖਾਉਣ ਦੀ ਵਕਾਲਤ ਕੀਤੀ।
ਇਸ ਮੌਕੇ ਕੌਮਾਂਤਰੀ ਪੋਲੋ ਖਿਡਾਰੀ ਗੁਰਪਾਲ ਸਿੰਘ, ਜੈ ਸ਼ੇਰਗਿੱਲ, ਮੇਅਰ ਸੰਜੀਵ ਸ਼ਰਮਾ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ. ਜਨਰਲ ਜੇ.ਐਸ. ਚੀਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਰਾਜੇਸ਼ ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਸੋਨੂ ਸੰਗਰ, ਹਰਵਿੰਦਰ ਸਿੰਘ ਨਿੱਪੀ, ਸ੍ਰੀਮਤੀ ਇੰਦਰਜੀਤ ਕੌਰ, ਅਤੁਲ ਜੋਸ਼ੀ, . ਰਵਿੰਦਰ ਪਾਲ ਸਿੰਘ ਸਵੀਟੀ, ਡਾ. ਦਰਸ਼ਨ ਸਿੰਘ ਘੁੰਮਣ, ਰਜਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ 'ਚ ਪਟਿਆਲਾ ਦੇ ਕੌਂਸਲਰਾਂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਸੰਯੁਕਤ ਕਮਿਸ਼ਨਰ ਅਵਿਕੇਸ਼ ਕੁਮਾਰ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਆਮ ਸ਼ਹਿਰੀਆਂ ਨੇ ਇਸ ਫ਼ਿਲਮ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਇਸ ਦੀ ਪ੍ਰਸੰਸਾ ਕੀਤੀ।
ਲੰਮਾ ਸਮਾਂ ਆਸਟ੍ਰੇਲੀਆ ਰਹੇ ਫ਼ਿਲਮ ਦੇ ਨਿਰਮਾਤਾ ਵਿਕਾਸ ਪ੍ਰਾਸ਼ਰ, ਜੋ ਕਿ ਬੌਧ ਗੁਰੂ ਦਲਾਈਲਾਮਾ ਲਈ ਫ਼ਿਲਮ ਨਿਰਮਾਣ ਦਾ ਕੰਮ ਕਰਦੇ ਸਨ, ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਇੱਕ ਫ਼ਿਲਮ ਬਣਾਉਣ ਸਮੇਂ ਗੁਰੂ ਸਾਹਿਬ ਦੇ ਸਿਧਾਂਤ ਤੋਂ ਜਾਣੂ ਹੋਣ ਮਗਰੋਂ ਉਨ੍ਹਾਂ ਦੇ ਜੀਵਨ 'ਚ ਬਦਲਾਅ ਆਇਆ ਅਤੇ ਹੁਣ ਉਹ ਡਾ. ਸੁਖਪ੍ਰੀਤ ਸਿੰਘ ਉਦੋਕੋ ਨਾਲ ਮਿਲਕੇ 102 ਫ਼ਿਲਮਾਂ ਸਿੱਖ ਇਤਿਹਾਸ ਦੇ ਅਣਗੌਲੇ ਪਾਤਰਾਂ 'ਤੇ ਬਣਾ ਰਹੇ ਹਨ। ਪ੍ਰਾਸ਼ਰ ਨੇ ਕਿਹਾ ਕਿ ਅਗਲੀ ਫ਼ਿਲਮ ਸਰਕਾਰ-ਏ-ਖ਼ਾਲਸਾ ਅਤੇ ਅਪ੍ਰੈਲ 'ਚ ਮੁਮਤਾਜ਼ ਆ ਰਹੀ ਹੈ।