ਗੋਨਿਆਣਾ, 21 ਮਾਰਚ 2020 - ਪੰਜਾਬੀ ਗਾਇਕ ਅੰਮ੍ਰਿਤ ਮਾਨ ਆਪਣੇ ਗੀਤਾਂ ਚੋਂ ਇਕ ਗੀਤ 'ਮੈਂ ਤੇ ਮੇਰੀ ਰਫ਼ਲ ਰਕਾਨੇ, ਕੰਬੀਨੇਸ਼ਨ ਚੋਟੀ ਦਾ' ਨੂੰ ਲੈ ਕੇ ਉਹ ਕਾਨੂੰਨੀ ਸ਼ਿਕੰਜੇ ਵਿਚ ਫਸਦਾ ਨਜ਼ਰ ਆ ਰਿਹਾ ਹੈ। ਇਸ ਗੀਤ ਖਿਲਾਫ 'ਪੰਜਾਬ ਅਤੇ ਹਰਿਆਣਾ ਹਾਈਕੋਰਟ' ਦੇ ਇੱਕ ਨਾਮਵਰ ਵਕੀਲ ਐਚ. ਸੀ. ਅਰੋੜਾ ਵੱਲੋਂ ਦਰਜ਼ ਕਰਵਾਈ ਇਕ ਸ਼ਿਕਾਇਤ ਦੇ ਅਧਾਰ 'ਤੇ ਥਾਣਾ ਨੇਹੀਂਆਂ ਵਾਲਾ ਵੱਲੋਂ ' ਅੰਮ੍ਰਿਤ ਮਾਨ' ਵਾਸੀ ਗੋਨਿਆਣਾ ਜ਼ਿਲ੍ਹਾ ਬਠਿੰਡਾ, ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 294 ਅਤੇ 504 ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਵਕੀਲ ਐਚ. ਸੀ. ਅਰੋੜਾ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਅੰਮ੍ਰਿਤ ਮਾਨ ਦਾ ਉਕਤ ਪੰਜਾਬੀ ਗੀਤ ਯੂ-ਟਿਊਬ ਅਤੇ ਇੰਟਰਨੈੱਟ 'ਤੇ ਅੱਪਲੋਡ ਹੈ ਜੋ ਕਿ ਹਿੰਸਾ ਦੇ ਸਭਿਆਚਾਰ ਨੂੰ ਪੇਸ਼ ਕਰਦਾ ਹੈ। ਜਿਸ ਤੋਂ ਬਾਅਦ ਪੁਲਿਸ ਦੇ ਜਾਂਚ ਅਧਿਕਾਰੀ ਗੁਰਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਇਸ ਵਿਰੁੱਧ ਮਾਮਲਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।