ਚੰਡੀਗੜ੍ਹ ਦੇ ਵਕੀਲ ਨੇ 'ਪਾਤਾਲ ਲੋਕ' ਲੜੀਵਾਰ ਨੂੰ ਲੈ ਕੇ ਅਨੁਸ਼ਕਾ ਸ਼ਰਮਾ 'ਤੇ ਠੋਕਿਆ ਮੁਕੱਦਮਾ
ਚੰਡੀਗੜ੍ਹ, 25 ਮਈ, 2020 : ਚੰਡੀਗੜ੍ਹ ਦੇ ਵਕੀਲ ਤੇ ਕਾਨੂੰਨੀ ਸਲਾਹਕਾਰ ਗੁਰਦੀਪਿੰਦਰ ਸਿੰਘ ਢਿੱਲੋਂ ਨੇ ਨਯਾਗਾਓਂ ਪੁਲਿਸ ਥਾਣਾ ਜ਼ਿਲ੍ਹਾ ਐਸ ਏ ਐਸ ਨਗਰ ਵਿਚ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਹੋਰਾਂ ਖਿਲਾਫ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤੇ ਸ਼ਾਂਤੀਪੂਰਨ ਢੰਗ ਨਾਲ ਰਹਿ ਰਹੇ ਦੋ ਫਿਰਕਿਆਂ ਵਿਚਾਲੇ ਜਾਤੀ ਆਧਾਰਿਤ ਨਫਰਤ ਨੂੰੁ ਉਤਸ਼ਾਹਿਤ ਕਰਨ ਲਈ ਕੇਸ ਦਰਜ ਕਰਵਾਇਆ ਹੈ। ਇਹ ਕੇਸ ਅਨੁਸ਼ਕਾ ਸ਼ਰਮਾ ਵੱਲੋਂ ਬਣਾਏ ਲੜੀਵਾਰ 'ਪਾਤਾਲ ਲੋਕ' ਜੋ ਕਿ ਐਮਾਜ਼ੋਨ ਪ੍ਰਾਈਮ 'ਤੇ ਚਲ ਰਿਹਾ ਹੈ, ਨੂੰ ਲੈ ਕੇ ਦਰਜ ਕਰਵਾਇਆ ਗਿਆ ਹੈ।
ਢਿੱਲੋਂ ਨੇ ਦੋਸ਼ ਲਗਾਇਆ ਹੈ ਕਿ ਇੰਟਰਨੈਟ 'ਤੇ ਚਲ ਰਹੇ ਲੜੀਵਾਰ ਨੇ ਉਹਨਾਂ ਤੇ ਖਾਸ ਤੌਰ 'ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ। ਇਸ ਤੋਂ ਇਲਾਵਾ ਇਸ ਲੜੀਵਾਰ ਵਿਚ ਜਾਤੀਵਾਦ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਤੇ ਇਕ ਵਿਸ਼ੇਸ਼ ਫਿਰਕੇ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਵਿਚ ਦੋ ਜਾਤਾਂ ਵਿਚਾਲੇ ਦੁਸ਼ਮਣੀ ਪੈਦਾ ਕਰਨ ਦਾ ਯਤਨ ਕੀਤਾ ਗਿਆ ਹੈ।
ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੀ ਸ਼ਿਕਾਇਤ ਵਿਚ ਜਿਹੜੇ ਦੋਸ਼ੀਆਂ ਦਾ ਨਾਂ ਲਿਖੇ ਹਨ, ਉਹਨਾਂ ਖਿਲਾਫ ਬਣਦੇ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ।