ਕੋਟਕਪੂਰਾ, 28 ਮਈ 2020 - ਵਾਇਸ ਆਫ ਪੰਜਾਬ 'ਚ ਆਪਣਾ ਗਾਇਕੀ ਨਾਲ ਚੰਗਾ ਮੁਕਾਮ ਹਾਸਲ ਕਰਨ ਵਾਲੇ ਲੋਕ ਗਾਇਕ ਦਰਸ਼ਨਜੀਤ ਦੇ ਭਾਵੇਂ ਅਨੇਕਾਂ ਗੀਤ ਸੁਪਰਹਿੱਟ ਹੋ ਚੁੱਕੇ ਹਨ ਪਰ ਹੁਣ 'ਜੁਗਨੀ ਇਨ ਲਾਕਡਾਊਨ' ਨਾਂਅ ਦੇ ਵਰਤਮਾਨ ਹਲਾਤਾਂ ਨਾਲ ਸਬੰਧਤ ਵਿਲੱਖਣ ਗੀਤ ਦੀ ਸੰਗੀਤਕ ਹਲਕਿਆਂ 'ਚ ਖੂਬ ਚਰਚਾ ਹੈ।
ਸਥਾਨਕ ਡੀਐਸਪੀ ਦਫਤਰ ਵਿਖੇ ਬਲਕਾਰ ਸਿੰਘ ਸੰਧੂ ਡੀਐਸਪੀ ਕੋਟਕਪੂਰਾ ਅਤੇ ਬਾਬਾ ਫਰੀਦ ਨਰਸਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ ਮਨਜੀਤ ਸਿੰਘ ਢਿੱਲੋਂ ਨੇ ਜੁਗਨੀ ਦਾ ਪੋਸਟਰ ਜਾਰੀ ਕਰਦਿਆਂ ਦਰਸ਼ਨਜੀਤ ਦੀ ਸਮੁੱਚੀ ਟੀਮ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਦਰਸ਼ਨਜੀਤ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਉਕਤ ਗੀਤ ਦੇ ਲੇਖਕ ਮਨਜੀਤ ਬੁੱਕਣ, ਸੰਗੀਤ ਜੈਦ ਸਾਬ, ਵੈਸਟਰਨ ਕਰਿਊ, ਵੀਡੀਉ ਹਰਕੀਰਤ ਮਾਨ, ਐਡੀਟਰ ਸਮੀਰ ਟਿਵਾਣਾ ਸਮੇਤ ਅਰਸ਼ਦੀਪ ਵਰਗੇ ਸਾਥੀਆਂ ਦਾ ਇਸ ਗੀਤ ਨੂੰ ਤਿਆਰ ਕਰਨ 'ਚ ਭਰਪੂਰ ਸਹਿਯੋਗ ਮਿਲਿਆ। ਬਲਕਾਰ ਸਿੰਘ ਸੰਧੂ ਡੀਐੱਸਪੀ, ਡਾ ਮਨਜੀਤ ਸਿੰਘ ਢਿੱਲੋਂ ਅਤੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦਰਸ਼ਨਜੀਤ ਦੀ ਇਸ ਗੱਲੋਂ ਪ੍ਰਸੰਸਾ ਕੀਤੀ ਕਿ ਉਹ ਨੌਜਵਾਨਾਂ ਤੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਖਿਲਾਫ ਜਾਗਰੂਕ ਕਰਨ ਅਤੇ ਸਦਾਚਾਰਕ ਕੀਮਤਾਂ ਅਪਣਾਉਣ ਵਾਲੇ ਸੱਭਿਆਚਾਰ ਨਾਲ ਜੋੜਨ ਦੀ ਕੌਸ਼ਿਸ਼ 'ਚ ਰਹਿੰਦਾ ਹੈ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਇੰਸ. ਪਰਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ, ਸੁਰਿੰਦਰਪਾਲ ਸਿੰਘ ਬਬਲੂ ਏਐਸਆਈ, ਮਨਜੀਤ ਕੌਰ ਨੰਗਲ ਅਤੇ ਸੰਤੋਸ਼ ਰਾਣੀ ਆਦਿ ਵੀ ਹਾਜਰ ਸਨ।