ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 3 ਜੂਨ 2020 - ਮਿਤੀ 2 ਜੂਨ 2020 ਨੂੰ ਪੰਜਾਬ ਆਰਟਸ ਇੰਟਰਨੈਸ਼ਨਲ ਅਤੇ ਵਰਲਡ ਭੰਗੜਾ ਕੌਂਸਲ ਦੇ ਮੁੱਖ ਦਫ਼ਤਰ 108 ਸੈਕਟਰ 51 ਏ ਚੰਡੀਗੜ੍ਹ ਵਿਖੇ ਸੰਸਥਾ ਦੇ ਪ੍ਰੋਡਿਊਸਰ ਡਾਇਰੈਕਟਰ ਡਾ਼ ਨਰਿੰਦਰ ਨਿੰਦੀ ਦੀ ਪ੍ਰਧਾਨਗੀ ਹੇਠ ”ਪੰਜਾਬ ਦੇ ਲੋਕ ਨਾਚਾਂ ਅਤੇ ਲੋਕ ਨਾਟਕ ਦੇ ਅਜੋਕੇ ਸਰੂਪ” ਦੇ ਵਿਸ਼ੇ 'ਤੇ ਗੋਸ਼ਟੀ ਹੋਈ।
ਜਿਸ ਦਾ ਆਗਾਜ਼ ਨਿੰਦੀ ਅਤੇ ਸਾਥੀਆਂ ਨੇ ਕੌਮੀ ਏਕਤਾ ਦਾ ਗੀਤ ” ਕਹਿਲੈ ਰਾਮ ਆਖ ਅੱਲਾ ਭਾਵੇਂ ਬੋਲ ਵਹਿਗੁਰੂ” ਗਾਕੇ ਕੀਤਾ। ਜਦੋਂ ਗੋਸ਼ਟੀ ਦੇ ਮੁੱਖ ਬੁਲਾਰੇ ਉਸਤਾਦ ਮਹਿੰਦਰ ਸਿੰਘ ਮਿੰਦੀ (ਯੂ਼. ਐਸ. ਏ.) ਨਾਲ ਵਿਚਾਰ ਵਟਾਂਦਰਾਂ ਹੋਇਆ ਤਾਂ ਉਨ੍ਹਾ ਦੱਸਿਆ ਕਿ ਲੋਕ ਨਾਚਾਂ ਤੇ ਲੋਕ ਨਾਟਾਂ ਦੀਆਂ ਅਸਲੀ ਲੋਕ ਮੁਦਰਾਵਾਂ ਅਤੇ ਤਾਲਾਂ ਤੇ ਲੋਕ ਸੰਗੀਤ ਦਾ ਰੰਗ ਰੂਪ ਤੇ ਰਸ, ਅਜੋਕੇ ਸਮੇਂ ਦੀ ਤੇਜ਼ ਤਰਾਰ ਗਤੀ ਅਤੇ ਤਕਨੀਕ ਦੇ ਪ੍ਰਭਾਵ ਨਾਲ ਅਲੋਪ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਣਜਾਣ ਕੋਚਾਂ ਦੀ ਅਰਥ ਵਿਹੂਣੀ ਕੋਚਿੰਗ ਨੇ ਇਨ੍ਹਾਂ ਕੋਮਲ ਕਲਾਵਾਂ ਦੀ ਕੋਮਲਤਾ ਨੂੰ ਵਿਗਾੜ ਕੇ ਰੱਖ ਦਿਤਾ ਹੈ।
ਜਿਸਦੇ ਪ੍ਰਤੀਕਰਮ ਨਾਲ ਨਾਚ ਤੇ ਨਾਟ ਕਲਾਵਾਂ ਦਾ ਅਸਲੀ ਰੰਗ ਵਿਖੰਡਤ ਹੋ ਰਿਹਾ ਹੈ। ਡਾ਼ ਨਰਿੰਦਰ ਨਿੰਦੀ ਨੇ ਲੋਕਰੰਗ ਦੀ ਲੜੀ ਨੂੰ ਅੱਗੇ ਤੋਰਦਿਆਂ ਦੱਸਿਆ ਕਿ ”ਅਜੋਕੇ ਸਮੇਂ ਵਿੱਚ ਇਨ੍ਹਾ ਲੋਕ ਕਲਾਵਾਂ ਨੂੰ ਖ਼ੋਜਕੇ ਪੁਨਰਗਠਨ ਕਰਨ ਦੀ ਲੋੜ ਹੈ”। ਇਸ ਵਿਚਾਰ ਵਟਾਂਦਰੇ ਵਿਚ ਐਚ. ਐਸ. ਭੱਟੀ, ਜਗਜੀਤ ਜੱਗਾ, ਰਾਣੀ ਮਾਹਲ, ਸਵਰਨ ਸਿੰਘ, ਅਵਤਾਰ ਪਿੰਕਾ, ਲਲਿਤ ਸ਼ਰਮਾ (ਇਟਲੀ) ਅਤੇ ਸਿਮਰਤਪਾਲ ਕੌਰ ਨੇ ਭਾਗ ਲਿਆ। ਇਸ ਉਪਰੰਤ ਉਸਤਾਦ ਮਹਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਪੰਜਾਬ ਆਰਟਸ ਇੰਟਰਨੈਸ਼ਨਲ ਅਤੇ ਵਰਲਡ ਭੰਗੜਾ ਕੌਂਸਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਪਰਮਜੀਤ ਪੱਡਾ ਤੇ ਪ੍ਰੀਤਮ ਸਿੰਘ ਰਾਠੀ ਨੂੰ ਕਾਰਜ਼ਕਾਰਣੀ ਮੈਂਬਰਾਂ ਵਜੋਂ ਨਿਯੁਾਕਤ ਕੀਤਾ ਗਿਆ।
ਗੋਸ਼ਟੀ ਦੇ ਅੰਤਮ ਪੜ੍ਹਾ ਵਿਚ ਪਰਮਜੀਤ ਪੱਡਾ ਨੇ ਬੀਨ ਅਤੇ ਕਿੰਗ, ਨਰਿੰਦਰ ਨਿੰਦੀ ਨੇ ਬੁਗਦੂ ਅਤੇ ਤੂੰਬੀ, ਲਲਿਤ ਸ਼ਰਮਾ ਨੇ ਢੋਲ ਅਤੇ ਢੋਲਕ ਆਦਿ ਦੀਆਂ ਧੁੰਨਾਂ ਸੁਣਾਈਆਂ।