ਲੁਧਿਆਣਾ, 18 ਜੂਨ 2020 - ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੇ ਪੋਤਰੇ ਅਤੇ ਕਾਂਗਰਸੀ ਐਮ.ਪੀ ਰਵਨੀਤ ਸਿੰਘ ਬਿੱਟੂ ਦੁਆਰਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਜੈਜ਼ੀ ਬੈਂਸ ਖ਼ਿਲਾਫ਼ ਲੁਧਿਆਣਾ ਪੁਲਿਸ ਕਮਿਸ਼ਨਰ ਕੋਲ ਲਿਖਤੀ ਸ਼ਿਕਾਇਤ ਕਰ ਪਰਚਾ ਦੇਣ ਦੀ ਮੰਗ ਕੀਤੀ ਹੈ ਅਤੇ ਵੀਡੀੳ ਜਾਰੀ ਕਰਦਿਆਂ ਆਪਣੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਹਰੇਕ ਪੁਲਿਸ ਸਟੇਸ਼ਨ ਵਿੱਚ ਦੋਹਾਂ ਖਿਲਾਫ ਕੇਸ ਦਰਜ ਕਰਨ ਦੀ ਸ਼ਿਕਾਇਤ ਕੀਤੀ ਜਾਵੇ।
ਬਿੱਟੂ ਨੇ ਲੁਧਿਆਣਾ ਕਮਿਸ਼ਨਰ ਨੂੰ ਲਿਖੇ ਸ਼ਿਕਾਇਤ ਪੱਤਰ 'ਚ ਦੋਸ਼ ਲਾਏ ਹਨ ਕਿ ਜੈਜ਼ੀ ਬੀ ਦੁਆਰਾ "ਪੁੱਤ ਸਰਦਾਰਾਂ ਦੇ" ਗੀਤ 'ਚ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੈ ਅਤੇ ਉਥੇ ਹੀ ਦਿਲਜੀਤ ਦੁਸਾਂਝ ਦੁਆਰਾ ਪੰਜਾਬੀ ਫਿਲਮ "ਪੰਜਾਬ 1984" ਵਿਚ ਗਾਏ ਗੀਤ "ਰੰਗਰੂਟ" ਨੂੰ ਦੁਬਾਰਾ ਤੋਂ ਸਾਕਾ 84 ਦੇ ਦਿਨਾਂ 'ਚ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਗਾ ਕੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਰਵਨੀਤ ਬਿੱਟੂ ਨੇ ਮੰਗ ਕੀਤੀ ਕਿ ਦੋਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਜ਼ਿਕਰੇਖਾਸ ਹੈ ਕਿ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਇੱਕ ਵਿਡੀੳ ਪਾਉਂਦੇ ਹਨ ਅਤੇ ਜਿਸ 'ਚ ਜੈਜ਼ੀ ਬੀ ਅਤੇ ਦਿਲਜੀਤ ਦੋਸਾਂਝ ਨੂੰ ਅਜਿਹੇ ਗੀਤ ਗਾਉਣ ਕਾਰਨ ਪੰਜਾਬ 'ਚ ਨਾ ਵੜਨ ਦੀ ਸਲਾਹ ਦੇ ਰਹੇ ਨੇ। ਬਿੱਟੂ ਦਾ ਇਲਜ਼ਾਮ ਹੈ ਕਿ ਦੋਹੇਂ ਗਾਇਕ ਪੰਜਾਬ ਦੇ ਨੌਜਾਵਨਾਂ ਨੂੰ ਆਪਣੀ ਗਾਇਕੀ ਨਾਲ ਰਫਲਾਂ ਚੁੱਕਣ ਲਈ ਉਕਸਾ ਰਹੇ ਹਨ।
ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਰਵਨੀਤ ਬਿੱਟੂ ਦੀ ਕਾਂਗਰਸ ਸਰਕਾਰ ਇਸੇ ਪੰਜਾਬ ਅੰਦਰ ਖੁੱਲ੍ਹੇਆਮ ਘੁੰਮ ਰਹੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਲਾਖਾਂ ਪਿੱਛੇ ਸੁੱਟਣ ਤੋਂ ਨਾਕਾਮ ਰਹੀ ਹੈ। ਕਿਉਂਕਿ ਸਿੱਧੂ 'ਤੇ ਆਰਮਜ਼ ਐਕਟ ਅਧੀਨ ਪਰਚਾ ਦਰਜ ਹੈ ਅਤੇ ਬੀਤੇ ਦਿਨੀਂ ਮੀਡੀਆ ਬਾਰੇ ਵੀ ਸਿੱਧੂ ਕਾਫੀ ਗਲਤ ਬੋਲ ਚੁੱਕਾ ਹੈ।