ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 23 ਜੂਨ 2020 - ਪਿਛਲੇ ਦਿਨੀਂ ਕਾਂਗਰਸੀ ਐਮ.ਪੀ ਰਵਨੀਤ ਬਿੱਟੂ ਵੱਲੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ ਖਿਲਾਫ ਸੂਬੇ ਦੇ ਹਰ ਥਾਣੇ ਅੰਦਰ ਪਰਚਾ ਕਰਾਉਣ ਸਬੰਧੀ ਸ਼ਿਕਾਇਤ ਕਰਨ ਬਾਰੇ ਕਹੀ ਗੱਲ ਅਤੇ ਖੁਦ ਲੁਧਿਆਣਾ ਪੁਲਿਸ ਕਮਿਸ਼ਨਰ ਕੋਲ ਦਿੱਤੀ ਲਿਖਤੀ ਸ਼ਿਕਾਇਤ 'ਤੇ ਦਿਲਜੀਤ ਦੋਸਾਂਝ ਨੇ ਮੋੜਵਾਂ ਜਵਾਬ ਦਿੱਤਾ ਹੈ।
ਦੋਸਾਂਝ ਨੇ ਬੜੇ ਸਹਿਜੇ ਢੰਗ ਨਾਲ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੀਡੀੳ ਜਾਰੀ ਕਰਦਿਆਂ ਕਿਹਾ ਕਿ 'ਜਿਹੜੇ ਗਾਣੇ ਬਾਰੇ ਵਿਵਾਦ ਖੜ੍ਹਾ ਕੀਤਾ ਗਿਆ ਹੈ, ਉਹ ਗਾਣਾ ਸਾਲ 2014 'ਚ ਬਣੀ ਪੰਜਾਬੀ ਫਿਲਮ 'ਪੰਜਾਬ 1984" ਦਾ ਹੈ ਅਤੇ ਉਹ ਫਿਲਮ ਭਾਰਤੀ ਸੈਂਸਰ ਬੋਰਡ ਦੁਆਰਾ ਪਾਸ ਹੋਣ ਤੋਂ ਬਾਅਦ ਹੀ ਸਾਰੇ ਭਾਰਤ 'ਚ ਰਿਲੀਜ਼ ਹੋਈ ਸੀ ਤੇ ਹੋਰ ਵੱਡੀ ਗੱਲ ਕਿ ਉਸ ਫਿਲਮ ਨੂੰ ਨੈਸ਼ਨਲ ਐਵਾਰਡ ਵੀ ਹਾਸਲ ਹੋ ਚੁੱਕਾ ਹੈ ਤੇ ਫੇਰ ਕਿਵੇਂ ਉਸ ਫਿਲਮ ਦੇ ਗਾਣੇ ਨੂੰ ਵਿਵਾਦਿਤ ਰੂਪ ਦਿੱਤਾ ਜਾ ਰਿਹਾ ਹੈ ਤੇ ਉਸ ਦੇ ਅਧਾਰ 'ਤੇ ਮੇਰੇ 'ਤੇ ਪਰਚਾ ਹੋਣਾ ਚਾਹੀਦਾ, ਇਸ ਗੱਲ ਤੋਂ ਉਹ ਜਾਣੂ ਨਹੀਂ।
ਦਿਲਜੀਤ ਨੇ ਰਵਨੀਤ ਬਿੱਟੂ ਦੀ ਪਰਚੇ ਦੇਣ ਦੀ ਗੱਲ ਅਤੇ ਭਾਰਤ ਵੜਨ ਵਾਲੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਭਾਰਤ ਸਰਕਾਰ ਉਨ੍ਹਾਂ ਦੀ ਫਿਲਮ ਨੂੰ ਪਾਸ ਕਰਕ ਹਰ ਸਿਨੇਮਾ ਘਰ ਅਤੇ ਹਰ ਟੀਵੀ ਚੈਨਲ 'ਤੇ ਚਲਾ ਦਿੰਦੀ ਹੈ ਤਾਂ ਇਸ ਮਸਲੇ 'ਤੇ ਕਿੱਦਾਂ ਉਨ੍ਹਾਂ 'ਤੇ ਪਰਚਾ ਦਰਜ ਹੋ ਜਾਵੇਗਾ ?" ਦੂਜੀ ਗੱਲ ਭਾਰਤ ਅਤੇ ਪੰਜਾਬ ਆਉਣ ਦੀ ਤਾਂ ਦਿਲਜੀਤ ਨੇ ਕਿਹਾ ਕਿ ਉਹ ਭਾਰਤ ਦਾ ਟੈਕਸ ਅਦਾ ਕਰਨ ਵਾਲਾ ਨਾਗਰਿਕ ਹੈ ਅਤੇ ਪੂਰੀ ਤਰ੍ਹਾਂ ਨਾਲ ਪੰਜਾਬ ਅਤੇ ਭਾਰਤ ਦੇ ਹਰ ਔਖੇ ਸਮਿਆਂ 'ਚ ਨਾਲ ਹੈ ਤੇ ਰਹੇਗਾ। ਦਿਲਜੀਤ ਨੇ ਕਿਹਾ ਕਿ ਅੱਜ ਇਸ ਗੱਲ ਦਾ ਇੰਨਾ ਵੱਡਾ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਨਹੀਂ ਪਤਾ।
ਵੀਡੀੳ ਦੇਖਣ ਲਈ ਹੇਠ ਦਿੱਤੇ ਲਿੰਕਾਂ 'ਤੇ ਕਲਿੱਕ ਕਰੋ:-
ਯੂਟਿਊਬ ਲਿੰਕ
https://www.youtube.com/watch?v=HbxkVeyRhFo&feature=youtu.be