ਹਰਿੰਦਰ ਨਿੱਕਾ
- ਹੁਣ ਐਸ.ਪੀ. ਪੀਬੀਆਈ ਭਾਰਦਵਾਜ਼ ਦੀ ਥਾਂ ਐਸਪੀ.ਡੀ ਵਿਰਕ ਦੀ ਅਗਵਾਈ ਚ, ਬਣਾਈ ਐਸ.ਆਈ.ਟੀ. ਕਰੇਗੀ ਜਾਂਚ
ਬਰਨਾਲਾ, 23 ਜੂਨ 2020 - ਲਾਕਡਾਉਨ ਦੇ ਦੌਰਾਨ ਦਫਾ 144 ਦਾ ਉਲੰਘਣ ਕਰਕੇ ਜਿਲ੍ਹੇ ਦੇ ਪਿੰਡ ਬਡਬਰ ਦੀ ਨਿੱਜੀ ਰਾਈਫਲ ਰੇਂਜ ਵਿੱਚ ਏ.ਕੇ. 47 ਅਸਾਲਟ ਰਾਈਫਲ ਨਾਲ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਫਾਇਰਿੰਗ ਕਰਨ ਦੇ ਮਾਮਲੇ 'ਚ ਫਸੇ ਵਿਵਾਦਿਤ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਜੋਰ ਇੱਕ ਵਾਰ ਫਿਰ ਸਿਰ ਚੜ੍ਹ ਕੇ ਬੋਲਿਆ ਹੈ। ਆਈਜੀ ਰੇਂਜ ਪਟਿਆਲਾ ਜਤਿੰਦਰ ਸਿੰਘ ਔਲਖ ਨੇ ਸਿੱਧੂ ਮੂਸੇਵਾਲਾ ਦੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਥਾਣਾ ਧਨੌਲਾ ਵਿਖੇ ਦਰਜ ਕੇਸ ਦੀ ਜਾਂਚ ਹੁਣ ਬਰਨਾਲਾ ਦੇ ਐਸ. ਪੀ ਪੀਬੀਆਈ ਰੁਪਿੰਦਰ ਭਾਰਦਵਾਜ ਤੋਂ ਬਦਲ ਕੇ ਜਾਂਚ ਲਈ ਐਸਆਈਟੀ ਬਣਾ ਦਿੱਤੀ ਹੈ।
ਆਈਜੀ ਦਫਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਆਈਜੀ ਨੂੰ ਦਰਖਾਸਤ ਪੇਸ਼ ਕਰਕੇ ਉਸ ਦੇ ਖਿਲਾਫ ਦਰਜ ਉਕਤ ਕੇਸ ਦੀ ਫਿਰ ਤੋਂ ਜਾਂਚ ਕਰਨ ਲਈ ਬੇਨਤੀ ਕੀਤੀ ਗਈ ਸੀ। ਇਸ ਦੁਰਖਾਸਤ ਦੇ ਅਧਾਰ 'ਤੇ ਆਈਜੀ ਔਲਖ ਨੇ ਕੇਸ ਦੀ ਜਾਂਚ ਐਸਪੀ ਪੀਬੀਆਈ ਤੋਂ ਬਦਲ ਕੇ ਬਰਨਾਲਾ ਦੇ ਹੀ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ 'ਚ ਐਸਆਈਟੀ ਨੂੰ ਸੌਂਪ ਦਿੱਤੀ ਹੈ। ਐਸਆਈਟੀ 'ਚ ਐਸਪੀ ਵਿਰਕ ਦੇ ਨਾਲ ਡੀਐਸਪੀ ਡੀ ਰਮਨਿੰਦਰ ਸਿੰਘ ਅਤੇ ਥਾਣਾ ਧਨੌਲਾ ਦੇ ਐਸਐਚਉ ਕੁਲਦੀਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਉੱਧਰ ਇਸ ਕੇਸ 'ਚ ਅਸਲਾ ਐਕਟ ਅਤੇ 120 ਬੀ ਜੁਰਮ ਦਾ ਵਾਧਾ ਕਰਨ ਵਾਲੇ ਕੇਸ ਦੇ ਜਾਂਚ ਅਧਿਕਾਰੀ ਰਹੇ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਜਾਂਚ ਬਦਲ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਜਾਂਚ ਤਬਦੀਲ ਹੋਣ ਦੇ ਕਾਰਣ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।