ਹਰਿੰਦਰ ਨਿੱਕਾ
- ਨਸ਼ੇ ਦੀ ਓਵਰਡੋਜ਼ ਨਾਲ ਗਾਇਕ ਗਗਨਦੀਪ ਦੀ ਹੋਈ ਮੌਤ ਦਾ ਮਾਮਲਾ
- ਪੁਲਿਸ ਵੱਲੋਂ ਗਾਇਕ ਗਗਨਦੀਪ ਦੀ ਮੌਤ ਲਈ ਜਿੰਮੇਵਾਰ 4 ਦੋਸ਼ੀ ਗਿਰਫਤਾਰ, 3 ਹੋਰਾਂ ਦੀ ਤਲਾਸ਼ ਜਾਰੀ- ਐਸਐਸਪੀ ਗੋਇਲ
- ਨਾਮਜ਼ਦ ਦੋਸ਼ੀ ਹਰਪ੍ਰੀਤ ਦੀ ਪਤਨੀ ਨੇ ਕਿਹਾ ,ਪੁਲਿਸ ਦੀ ਕਹਾਣੀ ਨਿਰਾ ਝੂਠ ਦਾ ਪੁਲੰਦਾ
- ਅਸਲ ਦੋਸ਼ੀਆਂ ਨੂੰ ਬਚਾਉਣ ਲਈ ਪੁਲਿਸ ਨੇ ਮੇਰੇ ਪਤੀ ਨੂੰ 2 ਝੂਠੇ ਕੇਸਾਂ 'ਚਫਸਾਇਆ- ਵਰਿੰਦਰਪਾਲ ਕੌਰ
ਬਰਨਾਲਾ, 7 ਜੁਲਾਈ 2020 - 9 ਦਿਨ ਪਹਿਲਾਂ ਮਹਿਲ ਕਲਾਂ ਦੇ ਰਹਿਣ ਵਾਲੇ ਨੌਜਵਾਨ ਗਾਇਕ ਗਗਨਦੀਪ ਸਿੰਘ ਉਰਫ ਗੱਗੂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਲਈ ਕਥਿਤ ਤੌਰ ਤੇ ਜਿੰਮੇਵਾਰ ਉਸ ਦੇ ਦੋਸਤ 4 ਨੌਜਵਾਨਾਂ ਨੂੰ ਪੁਲਿਸ ਨੇ ਗਿਰਫਤਾਰ ਕੀਤਾ ਹੈ। ਜਦੋਂ ਕਿ 3 ਹੋਰ ਦੋਸ਼ੀਆਂ ਦੀ ਪੁਲਿਸ ਤਲਾਸ਼ ਕਰ ਰਹੀ ਹੈ। ਮੀਡੀਆ ਨੁੰ ਇਹ ਜਾਣਕਾਰੀ ਐਸਐਸਪੀ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਉੱਧਰ ਪੁਲਿਸ ਦੁਆਰਾ ਪੇਸ਼ ਕੀਤੀ ਇਸ ਕਹਾਣੀ ਦਾ ਦੂਸਰਾ ਪੱਖ ਨਾਮਜ਼ਦ ਦੋਸ਼ੀ ਹਰਪ੍ਰੀਤ ਸਿੰਘ ਦੀ ਪਤਨੀ ਤੇ ਈ.ਜੀ.ਐਸ. ਟੀਚਰ ਵਰਿੰਦਰਪਾਲ ਕੌਰ ਨੇ ਪੱਤਰਕਾਰਾਂ ਸਾਹਮਣੇ ਹੰਝੂ ਭਰੀਆਂ ਅੱਖਾਂ ਨਾਲ ਬਿਆਨ ਕਰਕੇ ਪੁਲਿਸ ਦੀ ਕਹਾਣੀ ਤੇ ਸਵਾਲੀਆਂ ਚਿੰਨ੍ਹ ਖੜ੍ਹੇ ਕਰ ਦਿੱਤੇ ਹਨ। ਪਰੰਤੂ ਪੁਲਿਸ ਅਧਿਕਾਰੀਆਂ ਨੇ ਨਾਮਜ਼ਦ ਦੋਸ਼ੀ ਹਰਪ੍ਰੀਤ ਸਿੰਘ ਦੀ ਪਤਨੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ਼ ਕਰ ਦਿੱਤਾ।
- ਪਹਿਲਾਂ 174 ਦੀ ਕਾਰਵਾਈ, ਫਿਰ ਕੀਤਾ ਪੁਲਿਸ ਨੇ ਹੱਤਿਆ ਦਾ ਕੇਸ ਦਰਜ
28/29 ਜੂਨ ਦੀ ਦਰਮਿਆਨੀ ਰਾਤ ਨੂੰ ਨਸ਼ੇ ਦੀ ਉਵਰਡੋਜ ਨਾਲ ਗਗਨਦੀਪ ਸਿੰਘ ਉਰਫ ਗੱਗੂ ਪੁੱਤਰ ਸੁਖਦੇਵ ਸਿੰਘ ਨਿਵਾਸੀ ਸੋਢੇ ਪੱਤੀ ਮਹਿਲ ਕਲਾਂ ਦੀ ਮੌਤ ਹੋ ਗਈ। ਪੁਲਿਸ ਨੇ ਮੌਤ ਦਾ ਸੱਚ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ 174 ਸੀਆਰਪੀਸੀ ਦੇ ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਵੀ ਵਾਰਿਸਾਂ ਦੇ ਸਪੁਰਦ ਕਰ ਦਿੱਤੀ। ਮ੍ਰਿਤਕ ਦੇ ਪਿਤਾ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਸੱਚ ਮੀਡੀਆ ਸਾਹਮਣੇ ਵੀ ਬਿਆਨ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਮੁਖਬਰ ਦੀ ਸੂਚਨਾ ਤੇ 5/6 ਅਣਪਛਾਤਿਆਂ ਦੇ ਖਿਲਾਫ ਅਧੀਨ ਜੁਰਮ 304 ਆਈਪੀਸੀ ਦੇ ਤਹਿਤ ਥਾਣਾ ਮਹਿਲ ਕਲਾਂ ਚ, ਕੇਸ ਦਰਜ਼ ਵੀ ਕਰ ਦਿੱਤਾ। ਆਖਿਰ ਪੁਲਿਸ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਵਿੱਚੋਂ 7 ਦੋਸ਼ੀਆਂ ਦੀ ਸ਼ਿਨਾਖਤ ਹੋ ਗਈ ਅਤੇ 4 ਦੋਸ਼ੀਆਂ ਨੂੰ ਗਿਰਫਤਾਰ ਕਰਕੇ 6 ਜੂਨ ਨੂੰ ਜੇਲ੍ਹ ਵੀ ਭੇਜ਼ ਦਿੱਤਾ।
- ਐਸਐਸਪੀ ਨੇ ਕਿਹਾ ਜਲਦ ਕਾਬੂ ਕਰ ਲਵਾਂਗੇ 3 ਹੋਰ ਦੋਸ਼ੀ
ਐਸਐਸਪੀ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਚ, ਦੱਸਿਆ ਕਿ ਪੁਲਿਸ ਨੇ ਹੱਤਿਆ ਦੇ ਇਸ ਕੇਸ ਵਿੱਚ ਹਰਦੀਪ ਸਿੰਘ ਉਰਫ ਦੀਪਾ, ਹਰਵਿੰਦਰ ਸਿੰਘ ਉਰਫ ਲਾਡੀ, ਹਰਪ੍ਰੀਤ ਸਿੰਘ ਤੇ ਕੇਵਲ ਕ੍ਰਿਸ਼ਨ ਸਾਰੇ ਨਿਵਾਸੀ ਮਹਿਲ ਕਲਾਂ ਨੂੰ ਨਾਮਜ਼ਦ ਕਰਕੇ ਗਿਰਫਤਾਰ ਕੀਤਾ ਗਿਆ ਹੈ। ਜਦੋਂ ਕਿ ਮਹਿਲ ਕਲਾਂ ਦੇ ਹੀ ਰਹਿਣ ਵਾਲੇ ਜਤਿੰਦਰ ਕੁਮਾਰ ਉਰਫ ਬਬਲੀ, ਰੁਪਿੰਦਰ ਕੁਮਾਰ ਉਰਫ ਸੋਨੀ ਅਤੇ ਅਰਸ਼ਦੀਪ ਸਿੰਘ ਅਰਸ਼ੀ ਨੂੰ ਵੀ ਕੇਸ ਚ, ਦੋਸ਼ੀ ਨਾਮਜ਼ਦ ਕੀਤਾ ਗਿਆ। ਇੱਨਾਂ ਤਿੰਨੋਂ ਦੋਸ਼ੀਆਂ ਨੂੰ ਵੀ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ। ਉੱਨਾਂ ਕਿਹਾ ਕਿ ਪੁਲਿਸ ਨੂੰ ਇਹ ਸਫਲਤਾ ਪ੍ਰੱਗਿਆ ਜੈਨ ਏ.ਐਸ.ਪੀ ਮਹਿਲ ਕਲਾਂ ਅਤੇ ਐਸਐਚਉ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਮਿਲੀ ਹੈ।
- ਪੁਲਿਸ ਨੇ ਮੇਰੇ ਪਤੀ ਨੂੰ 30 ਜੂਨ ਦੀ ਰਾਤ 11 ਵਜੇ ਘਰੋਂ ਨਹਾਉਂਦੇ ਨੂੰ ਫੜਿਆ- ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਚ, ਈ.ਜੀ.ਐਸ ਟੀਚਰ ਵਰਿੰਦਰਪਾਲ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਤੀ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਇੱਕ ਹਫਤੇ ਅੰਦਰ ਹੀ 2 ਝੂਠੇ ਕੇਸਾਂ ਚ, ਫਿੱਟ ਕਰਕੇ ਉਸ ਦਾ ਹੱਸਦਾ ਵੱਸਦਾ ਘਰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਹੱਝੂ ਭਿੱਜੀਆਂ ਅੱਖਾਂ ਨਾਲ ਦੱਸਿਆ ਕਿ ਉਸ ਦਾ ਪਤੀ ਮਿਲਕ ਪਲਾਂਟ ਰਾਏਕੋਟ ਵਿਖੇ 7500 ਰੁਪਏ ਮਹੀਨੇ ਤੇ ਨੌਕਰੀ ਕਰਦਾ ਸੀ। ਅਚਾਣਕ ਹੀ ਪੁਲਿਸ ਨੇ 30 ਜੂਨ ਦੀ ਰਾਤ ਕਰੀਬ 11 ਵਜੇ ਉਨਾਂ ਦੇ ਘਰ ਛਾਪਾ ਮਾਰਿਆ ਤੇ ਨਹਾ ਰਹੇ ਹਰਪ੍ਰੀਤ ਨੂੰ ਗਿਰਫਤਾਰ ਕਰ ਲਿਆ। ਪੁਲਿਸ ਪਾਰਟੀ ਨੇ ਘਰ ਦੀ ਤਲਾਸ਼ੀ ਵੀ ਲਈ, ਪਰ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਪੁਲਿਸ ਬਿਨਾਂ ਕੁਝ ਦੱਸੇ ਹੀ ਹਰਪ੍ਰੀਤ ਨੂੰ ਆਪਣੇ ਨਾਲ ਲੈ ਗਈ। ਉਨ੍ਹਾਂ ਨੂੰ ਬਾਅਦ ਚ, ਪਤਾ ਲੱਗਿਆ ਕਿ ਠੁੱਲੀਵਾਲ ਥਾਣੇ ਦੀ ਪੁਲਿਸ ਨੇ ਉਸ ਦੇ ਪਤੀ ਨੂੰ ਮਾਂਗੇਵਾਲ-ਮਨਾਲ ਏਰੀਏ ਵਿੱਚੋਂ ਆਉਂਦਾ ਦਿਖਾ ਕੇ ਪੀ.ਬੀ.10 ਡੀ- 3572 ਵਰਨਾ ਕਾਰ ਚੋਂ ਹੋਰ ਦੋਸ਼ੀਆਂ ਨਾਲ ਝੂਠਾ ਹੀ ਗਿਰਫਤਾਰ ਕੀਤਾ ਦਿਖਾ ਦਿੱਤਾ। ਉਨ੍ਹਾਂ ਕਿਹਾ ਕਿ ਉਨਾਂ ਦੇ ਘਰ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਘਟਨਾ ਦਾ ਸੱਚ ਜਾਣਨ ਲਈ ਵੇਖੀ ਜਾ ਸਕਦੀ ਹੈ। ਉਨਾਂ ਕਿਹਾ ਕਿ ਹੈਰਾਨੀ ਤੇ ਪੁਲਿਸ ਦੇ ਅੱਤਿਆਚਾਰ ਦੀ ਹੱਦ ਉਦੋਂ ਹੋਰ ਵੀ ਟੱਪ ਗਈ, ਜਦੋਂ ਉਸ ਨੂੰ ਪਤਾ ਲੱਗਿਆ ਕਿ ਪੁਲਿਸ ਨੇ ਉਸ ਦੇ ਪਤੀ ਨੂੰ ਗਗਨਦੀਪ ਸਿੰਘ ਦੀ ਉਵਰਡੋਜ ਨਾਲ ਹੋਈ ਮੌਤ ਦੇ ਦੋਸ਼ ਚ, ਵੀ ਨਾਮਜ਼ਦ ਕਰ ਦਿੱਤਾ ਹੈ। ਉਨ੍ਹਾਂ ਪੁਲਿਸ ਦੀ ਕਹਾਣੀ ਨੂੰ ਮਨਘੜਤ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਉਸ ਦਾ ਪਤੀ ਸੱਚਮੁੱਚ ਹੀ ਦੋਸ਼ੀ ਸੀ, ਫਿਰ 30 ਜੂਨ ਨੂੰ ਹੀ ਉਸ ਦੇ ਖਿਲਾਫ ਕੇਸ ਦਰਜ਼ ਕਿਉਂ ਨਹੀਂ ਕੀਤਾ ਗਿਆ। ਫਿਰ 2 ਦਿਨ ਪੁਲਿਸ ਇੰਤਜ਼ਾਰ ਕਿਸ ਗੱਲ ਦਾ ਕਰਦੀ ਰਹੀ।
-ਅਸੀਂ ਦੋਵੇਂ ਜੀਅ ਮਿਹਨਤ ਨਾਲ ਗਰੀਬੀ ਦਾਵੇ ਗੁਜਾਰਾ ਕਰਦੇ ਹਾਂ,,,
ਵਰਿੰਦਰਪਾਲ ਕੌਰ ਨੇ ਕਿਹਾ ਕਿ ਮੈਂ ਤੇ ਮੇਰਾ ਪਤੀ ਦੋਵੇਂ ਜੀਅ 13 ਕੁ ਹਜ਼ਾਰ ਰੁਪੱਈਏ ਚ, ਘਰ ਦਾ ਗੁਜ਼ਾਰਾ ਮੁਸ਼ਿਕਲ ਨਾਲ ਚਲਾਉਂਦੇ ਸੀ। ਜੇ ਹਰਪ੍ਰੀਤ ਚਿੱਟਾ ਨਸ਼ਾ ਵੇਚਦਾ ਹੁੰਦਾ, ਫਿਰ ਅਸੀਂ ਗਰੀਬੀ ਚ, ਕਿਉਂ ਦਿਨ ਕਟੀ ਕਰਦੇ। ਹੋਰ ਨਸ਼ਾ ਸਮਗਲਰਾਂ ਵਾਂਗੂ ਅਸੀਂ ਵੀ ਕਾਰਾਂ ਚ, ਘੁੰਮਦੇ ਹੁੰਦੇ। ਉਨ੍ਹਾਂ ਕਿਹਾ ਕਿ 9 ਦਿਨ ਚ, ਪੁਲਿਸ ਨੇ ਇੱਕ ਵਾਰ ਵੀ ਉਸ ਦੇ ਪਤੀ ਨੂੰ ਮਿਲਣ ਤੱਕ ਨਹੀਂ ਦਿੱਤਾ। ਜਦੋਂ ਕਿ ਨਸ਼ਾ ਵੇਚਣ ਵਾਲਿਆਂ ਨੂੰ ਤਾਂ ਪੁਲਿਸ ਉਨ੍ਹਾਂ ਦੇ ਸਾਹਮਣੇ 2/2 ਹਜ਼ਾਰ ਰੁਪੱਈਏ ਲੈ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਾਉਂਦੀ ਰਹੀ। ਉਨਾਂ ਕਿਹਾ ਕਿ ਮੇਰੇ ਕੋਲ ਤਾਂ ਮੇਰੇ ਪਤੀ ਦਾ ਕੇਸ ਲੜਨ ਲਈ ਵਕੀਲ ਕਰਨ ਯੋਗੇ ਪੈਸੇ ਵੀ ਨਹੀਂ ਹਨ।
- ਜੇ ਇਨਸਾਫ ਨਾ ਮਿਲਿਆ ਤਾਂ ਕਰ ਲਵਾਂਗੀ ਆਤਮ ਹੱਤਿਆ,,
ਵਰਿੰਦਰਪਾਲ ਕੌਰ ਨੇ ਬਹੁਤ ਹੀ ਭਾਵੁਕ ਲਹਿਜ਼ੇ ਚ, ਕਿਹਾ ਕਿ ਜੇ ਪੁਲਿਸ ਨੇ ਉਸ ਦੇ ਨਿਰਦੋਸ਼ ਪਤੀ ਨੂੰ ਰਿਹਾ ਕਰਕੇ ਇਨਸਾਫ ਨਾ ਦਿੱਤਾ ਤਾਂ ਉਹ ਆਤਮ ਹੱਤਿਆ ਕਰਨ ਨੂੰ ਮਜਬੂਰ ਹੋ ਜਾਵੇਗੀ। ਕਿਉਂਕਿ ਉਸ ਦਾ ਆਪਣੇ ਪਤੀ ਬਿਨਾਂ ਕੋਈ ਹੋਰ ਸਹਾਰਾ ਹੀ ਨਹੀਂ ਹੈ, ਪਹਿਲਾਂ ਹੀ ਦੋ ਬੱਚਿਆਂ ਦੀ ਮੌਤ ਦੇ ਦੁੱਖ ਕਾਰਣ ਉਹ ਧੁਰ ਅੰਦਰੋਂ ਟੁੱਟ ਚੁੱਕੀ ਹੈ। ਉਨਾਂ ਕਿਹਾ ਕਿ ਮੈਂ ਤਾਂ ਅਖਬਾਰਾਂ ਚ, ਐਸਐਸਪੀ ਸੰਦੀਪ ਗੋਇਲ ਨੂੰ ਫਰਿਸ਼ਤਾ ਲਿਖਿਆ ਪੜ੍ਹਦੀ ਰਹੀ ਹਾਂ। ਪਰ 9 ਦਿਨਾਂ ਚ, ਮੈਂ ਕਈ ਵਾਰ ਐਸਐਸਪੀ, ਡੀਐਸਪੀ ਮਹਿਲ ਕਲਾਂ ਤੇ ਐਸਐਚਉ ਦੇ ਦਫਤਰਾਂ ਦੇ ਦਰਾਂ ਤੇ ਧੱਕੇ ਖਾ ਖਾ ਮੁੜ ਚੁੱਕੀ ਹਾਂ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਤੋਂ ਮੰਗ ਕੀਤੀ ਕਿ ਕਿਸੇ ਇਮਾਨਦਾਰ ਪੁਲਿਸ ਅਧਿਕਾਰੀ ਤੋਂ ਦੋਵਾਂ ਕੇਸਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨਾਂ ਇਲਾਕੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਤੋਂ ਇਨਸਾਫ ਦਿਵਾਉਣ ਲਈ ਸਮਰਥਨ ਵੀ ਮੰਗਿਆ, ਉਨਾਂ ਕਿਹਾ ਕਿ ਜੇਕਰ ਮੇਰੀ ਗੱਲ ਝੂਠ ਹੋਵੇ ਤਾਂ ਚਾਹੇ ਮੈਨੂੰ ਵੀ ਮੇਰੇ ਪਤੀ ਦੇ ਨਾਲ ਫਾਂਸੀ ਦੀ ਸਜ਼ਾ ਦੇ ਦਿਉ।