ਭਾਜਪਾ ਉਮੀਦਵਾਰ ਹੰਸ ਰਾਜ ਦੇ ਭੜਕਾਊ ਬਿਆਨਾਂ ਦੀ ਬੀਕੇਯੂ ਵੱਲੋਂ ਸਖ਼ਤ ਨਿਖੇਧੀ
ਮਨਜੀਤ ਸਿੰਘ ਢੱਲਾ
ਜੈਤੋ, 17 ਮਈ 2024 : ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸਰਾਜ ਵੱਲੋਂ ਦਿੱਤੇ ਜਾ ਰਹੇ ਭੜਕਾਊ ਬਿਆਨਾਂ ਅਤੇ ਧਮਕੀਆਂ ਦੀ ਵਾਇਰਲ ਹੋ ਰਹੀ ਵੀਡੀਓ ਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕਾਰੀ ਨੇ ਸਖ਼ਤ ਨਿਖੇਧੀ ਕੀਤੀ ਹੈ।
ਯੁਨੀਅਨ ਦੇ ਸੁਬਾਈ ਆਗੂ ਨਾਇਬ ਸਿੰਘ ਭਗਤੂਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਚੋਣ ਜਲਸੇ ਨੂੰ ਸੰਬੋਧਨ ਕਰਨ ਸਮੇਂ ਕਹਿ ਰਹੇ ਐ ਕਿ ਇਨ੍ਹਾਂ ਨੇ ਵਾਲਿਆਂ ਤੋਂ ਡਾਂਗਾਂ ਖਾਧੀਆਂ , ਲੋਕ ਇਨ੍ਹਾਂ ਨੂੰ ਛਿੱਤਰਾਂ ਨਾਲ ਕੁੱਟਣ , ਇਹ ਛਿੱਤਰਾਂ ਬਿਨਾਂ ਲੋਕ ਨੀ ਆਉਣੇ । ਮੈਂ 2 ਜੂੰਨ ਤੋਂ ਬਾਅਦ ਇਨ੍ਹਾਂ ਦੇ ਛਿੱਤਰ ਫੇਰੂ ਕਿਸਾਨ ਆਗੂ ਨੇ ਕਿਹਾ ਕਿ ਹੰਸਰਾਜ ਦੇ ਇਹ ਬਿਆਨ ਆੜਤੀਆਂ ਅਤੇ ਕਿਸਾਨਾਂ ਵਿੱਚ ਨਫ਼ਰਤ ਪੈਦਾ ਕਰਨ ਵਾਲੇ ਹਨ, ਪਰ ਅਸੀਂ ਭਾਜਪਾ ਦੀ ਇਹ ਪੌਲਸੀ ਕਾਮਯਾਬ ਨਹੀਂ ਹੋਣ ਦੇਵਾਂਗੇ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕਾਰੀ ਨੇ ਜ਼ਿਲ੍ਹਾਂ ਚੋਣ ਅਫਸਰ ਫਰੀਦਕੋਟ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੰਸਰਾਜ ਦੇ ਭੜਕਾਊ ਭਾਸ਼ਣ ਅਤੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਤੇ ਕੇਸ ਦਰਜ ਕਰਕੇ ਉਸ ਨੂੰ ਗਿਰਫ਼ਤਾਰ ਕੀਤਾ ਜਾਵੇ।