ਟੀਕਾਕਰਨ ਉਪਰੰਤ ਏ.ਈ.ਐੱਫ.ਆਈ. ਨਿਗਰਾਨੀ ਜ਼ਰੂਰੀ : ਸਿਵਲ ਸਰਜਨ
"ਏ.ਈ.ਐੱਫ.ਆਈ.” ਵਿਸ਼ੇ 'ਤੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਆਯੋਜਿਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 29 ਮਾਰਚ 2024 : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋੰ "ਏ.ਈ.ਐੱਫ.ਆਈ.” ਵਿਸ਼ੇ 'ਤੇ ਵੀਰਵਾਰ ਨੂੰ ਜ਼ਿਲ੍ਹਾ ਪੱਧਰੀ ਇਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਹੈ। ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਦੇ ਕਾਨਫਰੰਸ ਹਾਲ ਵਿਖੇ ਆਯੋਜਿਤ ਇਸ ਵਰਕਸ਼ਾਪ ਵਿਚ ਜ਼ਿਲ੍ਹੇ ਦੀਆਂ ਸਮੂਹ ਐੱਲ.ਐੱਚ.ਵੀਜ਼ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਮਨਦੀਪ ਕਮਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਨਿਯਮਤ ਟੀਕਾਕਰਨ ਪ੍ਰੋਗਰਾਮ ਅਧੀਨ ਟੀਕਾਕਰਨ ਨਾਲ ਰੋਕੀਆ ਜਾ ਸਕਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਚਨਬੱਧ ਹੈ। ਬੱਚਿਆਂ ਤੇ ਗਰਭਵਤੀ ਔਰਤਾਂ ਸਮੇਤ ਹੋਰ ਲਾਭਪਾਤਰੀਆਂ ਦੀ ਸਿਹਤ ਸੁਰੱਖਿਆ ਲਈ ਨਿਯਮਤ ਟੀਕਾਕਰਨ ਬਹੁਤ ਜ਼ਰੂਰੀ ਹੈ। ਇਸ ਨੂੰ ਹੋਰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਇਸ ਵਰਕਸ਼ਾਪ ਦਾ ਮੁੱਖ ਮੰਤਵ ਵੀ ਜ਼ਿਲ੍ਹੇ ਵਿੱਚ ਨਿਯਮਤ ਟੀਕਾਕਰਨ ਨੂੰ ਹੋਰ ਮਜ਼ਬੂਤ ਕਰਨਾ ਹੈ। ਨਿਯਮਤ ਟੀਕਾਕਰਨ ਪ੍ਰੋਗਰਾਮ ਅਧੀਨ ਦਿੱਤਾ ਗਿਆ ਟੀਕਾ ਸਬੰਧਤ ਬਿਮਾਰੀ ਨਾਲ ਲੜਨ ਲਈ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਅੱਗੇ ਕਿਹਾ ਕਿ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਮਜਬੂਤ ਕਰਨ ਲਈ ਇੱਕ ਮਜ਼ਬੂਤ ਮਾਈਕ੍ਰੋਪਲਾਨ, ਲਾਭਪਾਤਰੀਆਂ ਦੀ ਸੂਚੀ, ਸੰਚਾਰ ਕਾਰਜ ਯੋਜਨਾ, ਏ.ਈ.ਐੱਫ.ਆਈ. ਕੇਸਾਂ ਦੀ ਰਿਪੋਰਟ ਅਤੇ ਨਿਯਮਤ ਟੀਕਾਕਰਨ ਦੀ ਬਿਹਤਰ ਤਿਆਰੀ ਦੀ ਲੋੜ ਹੁੰਦੀ ਹੈ।
ਡਾ. ਮਨਦੀਪ ਕਮਲ ਨੇ ਦੱਸਿਆ ਕਿ ਏ.ਈ.ਐੱਫ.ਆਈ. ਨੂੰ ਟੀਕਾਕਰਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਮੈਡੀਕਲ ਘਟਨਾ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਜਿਸਦਾ ਟੀਕੇ ਨਾਲ ਕਾਰਨਾਤਮਕ ਸਬੰਧ ਜ਼ਰੂਰੀ ਨਹੀਂ ਹੈ। ਟੀਕਾਕਰਨ ਉਪਰੰਤ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਮੈਡੀਕਲ ਘਟਨਾ/ਸਥਿਤੀ ਨਾਲ ਨਜਿੱਠਣਾ ਬਹੁਤ ਮਹੱਤਵਪੂਰਨ ਹੈ। ਟੀਕਾਕਰਨ ਉਪਰੰਤ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਮੈਡੀਕਲ ਘਟਨਾ/ਸਥਿਤੀ ਨਾਲ ਨਜਿੱਠਣ ਲਈ ਏ.ਈ.ਐੱਫ.ਆਈ. ਕਮੇਟੀਆਂ ਵੀ ਕਾਰਜਸ਼ੀਲ ਹਨ ਤਾਂ ਜੋ ਟੀਕਾਕਰਨ ਪ੍ਰੋਗਰਾਮ ਨੂੰ ਬਿਨਾਂ ਕਿਸੇ ਦਿੱਕਤ ਹੋਰ ਅਸਰਦਾਰ ਢੰਗ ਨਾਲ ਚਲਾਇਆ ਜਾ ਸਕੇ। ਹਰੇਕ ਟੀਕਾ ਲਗਾਉਣ ਪਿੱਛੋਂ ਲਾਭਪਾਤਰੀ ਨੂੰ ਤਕਰੀਬਨ ਅੱਧਾ ਘੰਟਾ ਆਬਜ਼ਰਵ ਕੀਤਾ ਜਾਵੇ ਤਾਂ ਜੋ ਟੀਕਾਕਰਨ (ਏ.ਈ.ਐੱਫ.ਆਈ.) ਦੇ ਬਾਅਦ ਕਿਸ ਕਿਸਮ ਦੇ ਮਾੜੇ ਪ੍ਰਭਾਵ ਜਾਂ ਪ੍ਰੇਸ਼ਾਨੀ (ਜੇ ਕੋਈ ਹੈ) ਨੂੰ ਵਾਚਿਆ ਜਾ ਸਕੇ। ਜੇ ਕੋਈ
ਸੀਰੀਅਸ ਜਾਂ ਸਵੀਅਰ ਏ.ਈ.ਐੱਫ.ਆਈ. ਕੇਸ ਸਾਹਮਣੇ ਆਉਂਦਾ ਹੈ ਉਸ ਨੂੰ ਸੇਫ-ਵੈਕ ਆਨਲਾਈਨ ਪੋਰਟਲ 'ਤੇ ਐਂਟਰ ਕਰਨਾ ਵੀ ਜ਼ਰੂਰੀ ਹੈ, ਜਦੋਕਿ ਮਾਈਨਰ ਕੇਸਾਂ ਦਾ ਰਿਕਾਰਡ ਏ ਐੱਨ.ਐੱਮ. ਨੇ ਰੱਖਣਾ ਹੁੰਦਾ ਹੈ। ਏ.ਈ.ਐੱਫ.ਆਈ. ਨਿਗਰਾਨੀ ਪ੍ਰਣਾਲੀ ਦਾ ਉਦੇਸ਼ ਜਨਤਕ ਸਿਹਤ 'ਤੇ ਏ.ਈ.ਐੱਫ.ਆਈ. ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨਾ ਹੈ।
ਡਾ ਕਮਲ ਨੇ ਦੱਸਿਆ ਕਿ ਸੌ ਫੀਸਦੀ ਟੀਕਾਕਰਨ ਦੇ ਟੀਚੇ ਨੂੰ ਹਾਸਿਲ ਕਰਨ ਲਈ ਸਾਨੂੰ ਹਰ ਸੰਭਵ ਕੋਸ਼ਿਸ਼ ਕਰਨ ਦੀ ਲੋੜ ਹੈ। ਸ਼ਹਿਰੀ ਤੇ ਪੇਂਡੂ ਇਲਾਕਿਆਂ ਦੇ ਬੱਚਿਆਂ ਦੇ ਨਾਲ-ਨਾਲ ਖਾਸ ਤੌਰ ਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੇ ਟੀਕਾਕਰਨ ’ਤੇ ਵੱਧ ਧਿਆਨ ਦੇਣਾ ਚਾਹੀਦਾ ਹੈ। ਜਿਹੜੇ ਇਲਾਕਿਆਂ ਵਿਚ ਟੀਕਾਕਰਨ ਦੀ ਦਰ ਕਾਫੀ ਘੱਟ ਹੈ, ਉਨ੍ਹਾਂ ਇਲਾਕਿਆਂ ਵਿਚ ਸਰਵੀਲੈਂਸ ਸਿਸਟਮ ਨੂੰ ਹੋਰ ਮਜ਼ਬੂਤ ਕਰਨਾ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਲਜੀਤ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਵੈਕਸੀਨ ਕੋਲਡਚੇਨ ਮੈਨੇਜਰ (ਵੀ.ਸੀ.ਸੀ.ਐੱਮ.) ਸ. ਅੰਮ੍ਰਿਤਪਾਲ ਸਿੰਘ, ਈਪੀਆਈ ਅਸਿਸਟੈਂਟ ਸੁਸ਼ੀਲ ਕੁਮਾਰ, ਵਿਪਨ ਕਾਲੀਆ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।