ਦੁੱਲਾ ਭੱਟੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗਾਇਕ ਵੀਰ ਸੁਖਵੰਤ ਦਾ ਗੀਤ ਰਿਲੀਜ਼
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 29 ਮਾਰਚ 2024 - ਚੰਡੀਗੜ੍ਹ ਕਲਾ ਭਵਨ ਵਿਖੇ ਸੁਚੇਤਕ ਰੰਗਮੰਚ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਲੇਖਕਾਂ ਅਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ’ਚ ਦੋਵੇਂ ਪੰਜਾਬਾਂ ਦੇ ਸਾਂਝੇ ਲੋਕ ਨਾਇਕ ਦੁੱਲ੍ਹਾ-ਭੱਟੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਦੇ ਲੇਖਕ ਹਰਵਿੰਦਰ ਸਿੰਘ ਚੰਡੀਗੜ ਦੁਆਰਾ ਲਿਖਿਆ ਅਤੇ ਪੰਜਾਬ ਦੇ ਸੁਰੀਲੇ ਗਾਇਕ ਵੀਰ ਸੁਖਵੰਤ ਦਾ ਗਾਇਆ ਗੀਤ ‘ਦੁੱਲ੍ਹਾ-ਭੱਟੀ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਲੇਖਕ ਜੰਗ ਬਹਾਦਰ ਗੋਇਲ, ਗੀਤਕਾਰ ਹਰਵਿੰਦਰ ਸਿੰਘ, ਰੰਗਮੰਚ ਕਲਾਕਾਰ ਅਨੀਤਾ ਸ਼ਬਦੀਸ਼ ਜੋੜੀ, ਐਂਕਰ ਪ੍ਰੀਤਮ ਰੁਪਾਲ ਅਤੇ ਸੁਸ਼ੀਲ ਦੁਸਾਂਝ ਸ਼ਾਮਲ ਹੋਏ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਅਤੇ ਗੀਤਕਾਰ ਨੇ ਦੱਸਿਆ ਦੁੱਲਾ-ਭੱਟੀ ਦੋਵੇਂ ਪੰਜਾਬ ਦਾ ਸਾਂਝਾ ਨਾਇਕ ਹੈ । ਜਿਸ ਨੇ ਮੁਗਲ ਹੁਕਮਰਾਨਾਂ ਵੱਲੋਂ ਪੰਜਾਬ ਦੀ ਕਿਸਾਨੀ ਅਤੇ ਅਮੀਰਾਂ-ਵਜ਼ੀਰਾਂ ਵੱਲੋਂ ਧੀਆਂ-ਭੈਣਾਂ ਨਾਲ ਹੁੰਦੀ ਧੱਕੇਸ਼ਾਹੀ ਖਿਲਾਫ਼ ਬਗਾਵਤ ਦਾ ਬਿਗਲ ਵਜਾ ਕੇ ਪੰਜਾਬ ਦੀ ਮਿੱਟੀ ਅਤੇ ਖੇਤਾਂ ਦੇ ਗੈਰਤਮਈ ਪੁੱਤ ਹੋਣ ਦਾ ਸਬੂਤ ਦਿੱਤਾ।
ਉਨ੍ਹਾਂ ਕਿਹਾ ਨਵੀਂ ਪੀੜੀ ਨੂੰ ਅਜਿਹੇ ਗੌਰਵਮਈ ਵਿਰਸੇ ਤੋਂ ਜਾਣੂ ਕਰਾਉਣ ਲਈ ਲੇਖਕਾਂ ਅਤੇ ਗਾਇਕਾਂ ਨੂੰ ਅਜਿਹੇ ਸੂਰਮਿਆਂ ਬਾਰੇ ਗੀਤ ਲਿਖਣੇ ਅਤੇ ਗਾਉਣੇ ਚਾਹੀਦੇ ਹਨ, ਜਿਨ੍ਹਾਂ ਨੇ ਲੋਕਾਂ ਦੀ ਧਿਰ ਬਣ ਕੇ ਇਨਸਾਨੀਅਤ ਦੇ ਇਤਿਹਾਸ ਦੇ ਕਈ ਸੁਨਹਿਰੇ ਵਰਕੇ ਲਿਖੇ, ਪਰ ਉਨ੍ਹਾਂ ਦਾ ਜ਼ਿਕਰ ਇਤਿਹਾਸ ਦੇ ਕਿਸੇ ਵੀ ਪੰਨੇ ਦਰਜ ਨਹੀਂ, ਸਿਰਫ਼ ਲੋਕਾਂ ਦੇ ਦਿਲਾਂ ਅਤੇ ਵਿਰਸੇ ’ਚ ਹੀ ਮਹਿਫ਼ੂਜ਼ ਹੈ। ਗਾਇਕ ਵੀਰ ਸੁਖਵੰਤ ਨੇ ਦੱਸਿਆ ਇਸ ਗੀਤ ਦਾ ਸੰਗੀਤ ਦਵਿੰਦਰ ਕੈਂਥ ਨੇ ਵੀਡੀਓ ਰਾਏ ਮੇਕਰ ਨੇ ਤਿਆਰ ਕੀਤਾ ਹੈ। ਗੀਤ ਨੂੰ ਉਨ੍ਹਾਂ ਦੀ ਖੁਦ ਦੀ ਪ੍ਰੋਡਕਸ਼ਨ ਵੀਰ ਸੁਖਵੰਤ ਨੇ ਰਿਲੀਜ਼ ਕੀਤਾ।