ਕੈਨੇਡਾ: 24 ਸਾਲਾ ਭਾਰਤੀ ਵਿਦਿਆਰਥੀ ਦਾ ਕਾਰ 'ਚ ਗੋਲੀ ਮਾਰ ਕੇ ਕਤਲ
ਵੈਨਕੂਵਰ, 14 ਅਪ੍ਰੈਲ 2024 - ਕੈਨੇਡਾ ਦੇ ਦੱਖਣੀ ਵੈਨਕੂਵਰ ਵਿੱਚ ਭਾਰਤ ਦੇ ਇੱਕ 24 ਸਾਲਾ ਵਿਦਿਆਰਥੀ ਦੀ ਕਾਰ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਵੈਨਕੂਵਰ ਪੁਲਿਸ ਨੇ ਦੱਸਿਆ ਕਿ ਚਿਰਾਗ ਦੇ ਗੁਆਂਢੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਕਾਰ ‘ਚੋਂ ਲਾਸ਼ ਬਰਾਮਦ ਕੀਤੀ ਹੈ।
ਫਿਲਹਾਲ ਇਸ ਮਾਮਲੇ ‘ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਚਿਰਾਗ ਦਾ ਪਰਿਵਾਰ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰਕ ਮੈਂਬਰ ਉਸ ਦੀ ਦੇਹ ਨੂੰ ਭਾਰਤ ਲਿਜਾਣ ਲਈ ਕਲਾਊਡ ਫੰਡਿੰਗ ਰਾਹੀਂ ਪੈਸੇ ਇਕੱਠੇ ਕਰ ਰਹੇ ਹਨ। ਉਨ੍ਹਾਂ ਨੇ ਕੈਨੇਡਾ ਸਰਕਾਰ ਨੂੰ ਚਿਰਾਗ ਦੀ ਲਾਸ਼ ਭਾਰਤ ਭੇਜਣ ਲਈ ਮਦਦ ਦੀ ਅਪੀਲ ਕੀਤੀ ਹੈ।
ਚਿਰਾਗ 2 ਸਾਲ ਪਹਿਲਾਂ ਸਤੰਬਰ 2022 ਵਿੱਚ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਸਨੇ ਹਾਲ ਹੀ ਵਿੱਚ ਇੱਕ ਕੈਨੇਡੀਅਨ ਯੂਨੀਵਰਸਿਟੀ ਤੋਂ ਆਪਣੀ ਐਮਬੀਏ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲ ਗਿਆ। ਚਿਰਾਗ ਦੇ ਰੂਮਮੇਟ ਨੇ ਉਸਦੇ ਪਰਿਵਾਰ ਨੂੰ ਉਸਦੇ ਪੁੱਤਰ ਦੀ ਮੌਤ ਦੀ ਸੂਚਨਾ ਦਿੱਤੀ।
ਜਾਣਕਾਰੀ ਦਿੰਦਿਆਂ ਰੂਮਮੇਟ ਨੇ ਦੱਸਿਆ, “ਚਿਰਾਗ ਆਪਣੀ 14 ਘੰਟੇ ਦੀ ਸ਼ਿਫਟ ਪੂਰੀ ਕਰਕੇ ਦਫਤਰ ਤੋਂ ਘਰ ਪਰਤਿਆ ਸੀ। ਇਸ ਤੋਂ ਬਾਅਦ ਉਸ ਨੇ ਰਾਤ ਦਾ ਖਾਣਾ ਖਾਧਾ ਅਤੇ ਸੈਰ ਕਰਨ ਲਈ ਨਿਕਲ ਗਿਆ। ਜਿਵੇਂ ਹੀ ਉਹ ਆਪਣੀ ਕਾਰ ਵਿੱਚ ਬੈਠਾ ਤਾਂ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ। ਸਾਨੂੰ ਨਹੀਂ ਪਤਾ ਕਿ ਕਿਸ ਨੇ ਕੀਤਾ ਅਤੇ ਕਿਉਂ।”