ਪਵਨ ਬਾਂਸਲ ਦੇ ਕੈਂਪ 'ਚ ਟਿਕਟ ਨਾ ਮਿਲਣ 'ਤੇ ਸਖਤ ਰੋਸ, ਕੁੱਝ ਨੇ ਆਪਣੇ ਅਸਤੀਫ਼ੇ ਦਿੱਤੇ ਤੇ ਲੱਕੀ ਦਾ ਅਸਤੀਫ਼ਾ ਮੰਗਿਆ
ਚੰਡੀਗੜ੍ਹ, 15 ਅਪ੍ਰੈਲ 2024- ਸੀਨੀਅਰ ਕਾਂਗਰਸੀ ਲੀਡਰ ਤੇ ਸਾਬਕਾ ਐਮ.ਪੀ. ਪਵਨ ਬਾਂਸਲ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਤੇ ਉਨ੍ਹਾਂ ਦੇ ਧੜੇ ਵਿਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਕੁੱਝ ਹਮਾਇਤੀਆਂ ਦੇ ਵਲੋਂ ਅਸਤੀਫ਼ੇ ਦੇ ਦਿੱਤੇ ਗਏ ਹਨ, ਉਥੇ ਹੀ ਕਾਂਗਰਸ ਪ੍ਰਧਾਨ ਦਾ ਵੀ ਅਸਤੀਫ਼ਾ ਮੰਗਿਆ ਜਾ ਰਿਹਾ ਹੈ।
ਦੱਸ ਦਈਏ ਕਿ, ਭਾਵੇਂ ਹੀ ਪਵਨ ਬਾਂਸਲ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਦਿੱਤੀ ਗਈ, ਪਰ ਉਨ੍ਹਾਂ ਵਲੋਂ ਪਾਰਟੀ ਉਮੀਦਵਾਰ ਦੀ ਹਮਾਇਤ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਥੇ ਜਿਕਰ ਕਰਨਾ ਬਣਦਾ ਹੈ ਕਿ, ਚੰਡੀਗੜ੍ਹ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਮਨੀਸ਼ ਤਿਵਾੜੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਮਨੀਸ਼ ਤਿਵਾੜੀ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਚੰਡੀਗੜ੍ਹ ਕਾਂਗਰਸ ਵਿੱਚ ਬਗਾਵਤ ਦਾ ਦੌਰ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਸੂਬਾ ਸਕੱਤਰ ਨਿਤਿਨ ਰਾਏ ਚੌਹਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਵਨ ਬਾਂਸਲ ਦੇ ਸਮਰਥਨ 'ਚ ਅਸਤੀਫਾ ਦੇ ਰਹੇ ਹਨ। ਉਹ ਬਾਹਰਲੇ ਉਮੀਦਵਾਰਾਂ ਨੂੰ ਸਵੀਕਾਰ ਨਹੀਂ ਕਰਦੇ।