ਆਈ.ਕੇ.ਜੀ ਪੀ.ਟੀ.ਯੂ ਵਿਖੇ "ਭਾਰਤੀ ਗਿਆਨ ਪ੍ਰਣਾਲੀ" ਵਿਸ਼ੇ 'ਤੇ ਵਿਸ਼ੇਸ਼ ਲੈਕਚਰ
- ਆਈ.ਆਈ.ਟੀ ਵਾਰਾਣਸੀ ਦੇ ਸੀਨੀਅਰ ਫੈਕਲਟੀ ਡਾ. ਰੁਚਿਰ ਗੁਪਤਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ
ਜਲੰਧਰ/ਕਪੂਰਥਲਾ, 16 ਅਪ੍ਰੈਲ 2024 : ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵਿਖੇ ਭਾਰਤੀ ਗਿਆਨ ਪ੍ਰਣਾਲੀ (ਪਰੰਪਰਾ) ਵਿਸ਼ੇ 'ਤੇ ਇਕ ਵਿਸ਼ੇਸ਼ ਵਿਦਿਅਕ ਸੈਸ਼ਨ ਦਾ ਆਯੋਜਨ ਕੀਤਾ ਗਿਆ ਇਸ ਸੈਸ਼ਨ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ) ਬੀ ਐਚ ਯੂ ਵਾਰਾਣਸੀ (ਉੱਤਰ ਪ੍ਰਦੇਸ਼) ਦੇ ਐਸੋਸੀਏਟ ਪ੍ਰੋਫੈਸਰ ਡਾ. ਰੁਚਿਰ ਗੁਪਤਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.(ਡਾ.) ਸੁਸ਼ੀਲ ਮਿੱਤਲ ਮੁੱਖ ਮਹਿਮਾਨ ਸਨ। ਇਸ ਸਮਾਗਮ ਦਾ ਆਯੋਜਨ ਯੂਨੀਵਰਸਿਟੀ ਵਿੱਚ ਹਾਲ ਹੀ ਵਿੱਚ ਸਥਾਪਿਤ ਆਈ.ਕੇ.ਐਸ ਸੈੱਲ ਵੱਲੋਂ ਕੀਤਾ ਗਿਆ। ਯੂਨੀਵਰਸਿਟੀ ਵਿੱਚ ਖੋਜ ਅਤੇ ਵਿਕਾਸ ਵਿਭਾਗ ਵਿੱਚ ਆਈ.ਕੇ.ਐਸ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਅਤੇ ਡੀਨ ਆਰ ਐਂਡ ਡੀ ਡਾ.ਹਿਤੇਸ਼ ਸ਼ਰਮਾਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਆਪਣੇ ਸੰਬੋਧਨ ਵਿੱਚ ਮੁੱਖ ਬੁਲਾਰੇ ਡਾ. ਰੁਚਿਰ ਗੁਪਤਾ ਨੇ ਕਿਹਾ ਕਿ ਭਾਰਤੀ ਗਿਆਨ ਪਰੰਪਰਾਵਾਂ ਜਾਂ ਭਾਰਤੀ ਗਿਆਨ ਪ੍ਰਣਾਲੀ ਵਿਭਾਗ ਦੀ ਸਥਾਪਨਾ ਅਕਤੂਬਰ 2020 ਵਿੱਚ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਏ.ਆਈ.ਸੀ.ਟੀ.ਈ ਹੈੱਡਕੁਆਰਟਰ ਵਿਖੇ ਕੀਤੀ ਗਈ ਸੀ। ਇਸਦਾ ਉਦੇਸ਼ "ਭਾਰਤੀ ਗਿਆਨ ਪ੍ਰਣਾਲੀਆਂ" ਦੇ ਸਾਰੇ ਪਹਿਲੂਆਂ 'ਤੇ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜਿਕ ਕਾਰਜਾਂ ਲਈ "ਭਾਰਤੀ ਗਿਆਨ ਪ੍ਰਣਾਲੀਆਂ" ਨੂੰ ਸੁਰੱਖਿਅਤ ਅਤੇ ਪ੍ਰਸਾਰਿਤ ਕਰਨਾ ਹੈ। ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤੀ ਵਿਗਿਆਨ ਅਤੇ ਖੋਜ ਵਿਸ਼ਵ ਪੱਧਰ 'ਤੇ ਮਸ਼ਹੂਰ ਹੁੰਦੀ ਸੀ ਪਰ ਬ੍ਰਿਟਿਸ਼ ਕਾਲ ਦੌਰਾਨ ਭਾਰਤੀ ਨਿਪੁੰਨਤਾ ਨੂੰ ਯੋਜਨਾਬੱਧ ਤਰੀਕੇ ਨਾਲ ਪਿੱਛੇ ਧੱਕ ਦਿੱਤਾ ਗਿਆ। ਇਸ ਲਈ ਵਿਗਿਆਨ ਅਤੇ ਖੋਜ ਨੂੰ ਮੁੜ ਭਾਰਤੀ ਸ਼ੈਲੀ ਵਿਚ ਵਿਕਸਤ ਕਰਨ ਦੀ ਲੋੜ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਅਮੀਰ ਸੱਭਿਆਚਾਰ (ਪਰੰਪਰਾ) 'ਤੇ ਮਾਣ ਕਰ ਸਕਣ। ਉਨ੍ਹਾਂ ਨੇ ਆਈ.ਕੇ.ਐਸ ਅਧੀਨ ਤਿਆਰ ਕੀਤੇ ਥੋੜ੍ਹੇ ਸਮੇਂ ਦੇ ਕੋਰਸਾਂ ਅਤੇ ਫੈਕਲਟੀ ਵਿਕਾਸ ਪ੍ਰੋਗਰਾਮ ਦੇ ਏਜੰਡੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਡਾ. ਰੁਚਿਰ ਗੁਪਤਾ ਨੇ ਕਿਹਾ ਕਿ ਆਈ.ਕੇ.ਐਸ ਦਾ ਕੰਮ ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਦਾ ਡਾਟਾਬੇਸ ਬਣਾਉਣਾ ਵੀ ਹੈ ਜਿਨ੍ਹਾਂ ਨੇ ਕਲਾ, ਸੰਗੀਤ, ਨ੍ਰਿਤ, ਨਾਟਕ ਤੋਂ ਲੈ ਕੇ ਗਣਿਤ, ਖਗੋਲ ਵਿਗਿਆਨ, ਵਿਗਿਆਨ, ਤਕਨਾਲੋਜੀ, ਜੀਵ ਵਿਗਿਆਨ ਤੱਕ ਪੁਰਾਤਨ ਅਤੇ ਸਮਕਾਲੀ ਖੇਤਰਾਂ ਨੂੰ ਅਮੀਰ ਕੀਤਾ ਹੈ, ਤਾਂ ਜੋ ਖੋਜ, ਅਧਿਆਪਨ, ਪ੍ਰਕਾਸ਼ਨਾਂ ਰਾਹੀਂ ਭਾਰਤੀ ਗਿਆਨ ਪ੍ਰਣਾਲੀਆਂ ਦੀ ਸੰਭਾਲ ਵਿੱਚ ਯੋਗਦਾਨ ਪਾਇਆ ਹੈ।
ਉਪ-ਕੁਲਪਤੀ ਪ੍ਰੋ.(ਡਾ.) ਸੁਸ਼ੀਲ ਮਿੱਤਲ ਨੇ ਵਿਸ਼ੇ ਦੀ ਗੰਭੀਰਤਾ ਅਤੇ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਰਜਿਸਟਰਾਰ ਡਾ.ਐਸ.ਕੇ ਮਿਸ਼ਰਾ ਨੇ ਪੰਜਾਬ ਰਾਜ ਦੇ ਸੰਦਰਭ ਵਿੱਚ ਆਈ.ਕੇ.ਐਸ ਨੂੰ ਲਾਗੂ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਰੋਹ ਵਿੱਚ ਸਵਾਗਤੀ ਭਾਸ਼ਣ ਡੀਨ ਆਰ ਐਂਡ ਡੀ ਡਾ. ਹਿਤੇਸ਼ ਸ਼ਰਮਾ ਨੇ ਦਿੱਤਾ, ਜਦੋਂ ਕਿ ਧੰਨਵਾਦ ਦਾ ਮਤਾ ਡੀਨ ਅਕਾਦਮਿਕ ਪ੍ਰੋ. (ਡਾ.) ਵਿਕਾਸ ਚਾਵਲਾ ਨੇ ਦਿੱਤਾ। ਇਸ ਮੌਕੇ ਐਨ.ਐਸ.ਐਸ ਕੋਆਰਡੀਨੇਟਰ ਡਾ. ਚੰਦਰ ਪ੍ਰਕਾਸ਼, ਵਿਨੈ ਕੇਹਰ, ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।