ਡੀਜੇ ਦੀ ਬੇਸ ਕਾਰਨ ਕੰਨ ਹੋ ਗਏ ਸੁੰਨ ! 250 ਲੋਕ ਹਸਪਤਾਲ 'ਚ ਭਰਤੀ, ਚੱਲ ਰਿਹਾ ਇਲਾਜ
ਦੀਪਕ ਗਰਗ
ਔਰੰਗਾਬਾਦ, ਮਹਾਰਾਸ਼ਟਰ 16, ਅਪ੍ਰੈਲ 2024 - ਮਹਾਰਾਸ਼ਟਰ 'ਚ ਅੰਬੇਡਕਰ ਜੈਅੰਤੀ ਵਾਲੇ ਦਿਨ ਲੋਕ ਡੀਜੇ 'ਤੇ ਤਿਉਹਾਰ ਦਾ ਆਨੰਦ ਮਾਣ ਰਹੇ ਸਨ। ਡੀਜੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ 250 ਲੋਕ ਬੀਮਾਰ ਹੋ ਗਏ। ਸਾਰੇ ਲੋਕਾਂ ਨੂੰ ਤੁਰੰਤ 70 ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ।
ਮਹਾਰਾਸ਼ਟਰ ਵਿੱਚ ਅੰਬੇਡਕਰ ਜਯੰਤੀ ਮੌਕੇ ਡੀਜੇ ਵਜਾਇਆ ਜਾ ਰਿਹਾ ਸੀ। ਹਰ ਕੋਈ ਅੰਬੇਡਕਰ ਜਯੰਤੀ ਉਤਸ਼ਾਹ ਨਾਲ ਮਨਾ ਰਿਹਾ ਸੀ। ਫਿਰ ਅਚਾਨਕ ਡੀਜੇ ਦੀ ਆਵਾਜ਼ ਇੰਨੀ ਉੱਚੀ ਹੋ ਗਈ ਕਿ ਹਰ ਕੋਈ ਅਚਾਨਕ ਸੁੰਨ ਮਹਿਸੂਸ ਕਰਨ ਲੱਗਾ। ਡੀਜੇ ਦੀ ਉੱਚੀ ਆਵਾਜ਼ ਸੁਣ ਕੇ 250 ਲੋਕਾਂ ਦੀ ਸਿਹਤ ਅਚਾਨਕ ਵਿਗੜ ਗਈ। ਕਿਸੇ ਨੂੰ ਕੁਝ ਵੀ ਨਹੀਂ ਸੁਣਾਈ ਦੇ ਰਿਹਾ ਸੀ। ਫਿਰ ਹਫੜਾ ਦਫੜੀ ਮੱਚ ਗਈ। ਇਨ੍ਹਾਂ ਸਾਰੇ ਮਰੀਜ਼ਾਂ ਨੂੰ 70 ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਦਰਅਸਲ 14 ਅਪ੍ਰੈਲ ਨੂੰ ਡਾ: ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ 'ਤੇ ਕ੍ਰਾਂਤੀ ਚੌਕ 'ਚ ਹਰ ਕੋਈ ਗੀਤਾਂ ਦੀ ਧੁਨ 'ਚ ਮਗਨ ਸੀ। ਸ਼ਹਿਰ ਦੇ ਸਮਾਗਮ ਲਈ ਪੁਣੇ ਤੋਂ 15 ਡੀਜੇ ਬੁਲਾਏ ਗਏ ਸਨ। ਕੰਨ ਪਾੜਨ ਵਾਲੇ ਡੀਜੇ ਅੱਗੇ ਨੌਜਵਾਨ ਜ਼ੋਰਦਾਰ ਡਾਂਸ ਕਰ ਰਹੇ ਸੀ। ਇਨ੍ਹਾਂ ਡੀਜੇ ਦੀ ਆਵਾਜ਼ ਲਗਭਗ 150 ਡੈਸੀਬਲ ਸੀ।
ਕਿਸ ਉਮਰ ਸਮੂਹ ਦੇ ਲੋਕਾਂ 'ਤੇ ਡੀਜੇ ਦਾ ਬੁਰਾ ਪ੍ਰਭਾਵ ਪਿਆ ?
ਡੀਜੇ ਦੀ ਆਵਾਜ਼ ਸੁਣ ਕੇ ਉੱਥੇ ਮੌਜੂਦ ਲੋਕਾਂ ਦੀ ਸਿਹਤ ਵਿਗੜ ਗਈ। ਡੀਜੇ ਦੀ ਆਵਾਜ਼ ਸੁਣ ਕੇ ਬੀਮਾਰ ਹੋਣ ਵਾਲੇ ਲੋਕਾਂ ਦੀ ਉਮਰ ਹੈਰਾਨੀਜਨਕ ਹੈ। ਇਸ ਦੋਰਾਨ ਬਿਮਾਰ ਹੋਣ ਵਾਲਿਆਂ ਦੀ ਗਿਣਤੀ ਬਜ਼ੁਰਗਾਂ ਦੀ ਨਹੀਂ ਸਗੋਂ ਨੌਜਵਾਨਾਂ ਦੀ ਜ਼ਿਆਦਾ ਹੈ। ਡੀਜੇ ਦੀ ਆਵਾਜ਼ ਸੁਣ ਕੇ 17 ਤੋਂ 40 ਸਾਲ ਤੱਕ ਦੇ ਲੋਕਾਂ ਦੇ ਕੰਨ ਸੁੰਨ ਹੋ ਗਏ। ਇਸ ਉਮਰ ਦੇ 250 ਮਰੀਜ਼ਾਂ ਨੂੰ ਹਸਪਤਾਲ ਭੇਜਣ ਦੀ ਸਥਿਤੀ ਆ ਗਈ।
ਤਿੰਨ ਸਰਕਲਾਂ ਖ਼ਿਲਾਫ਼ ਕੇਸ ਦਰਜ
ਨਿਰਧਾਰਿਤ ਸੀਮਾ ਤੋਂ ਵੱਧ ਮਾਤਰਾ ਵਿੱਚ ਡੀਜੇ ਵਜਾਉਣ ਲਈ ਤਿੰਨ ਸਰਕਲਾਂ ਨੂੰ ਬੁੱਕ ਕੀਤਾ ਗਿਆ ਹੈ। ਕ੍ਰਾਂਤੀ ਚੌਕ ਪੁਲਸ ਨੇ ਸ਼ੋਰ ਪ੍ਰਦੂਸ਼ਣ ਐਕਟ ਦੀ ਉਲੰਘਣਾ ਕਰਨ ਦੇ ਦੋਸ਼ 'ਚ ਭਾਰਤੀ ਦੰਡਾਵਲੀ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਐਕਟ ਅਤੇ ਸ਼ੋਰ ਪ੍ਰਦੂਸ਼ਣ ਰੈਗੂਲੇਸ਼ਨ ਐਂਡ ਕੰਟਰੋਲ ਐਕਟ ਤਹਿਤ ਤਿੰਨ ਸਰਕਲਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਡਾਕਟਰਾਂ ਮੁਤਾਬਕ ਡੀਜੇ ਦੀ ਆਵਾਜ਼ ਸੁਣ ਕੇ ਜੇਕਰ ਕੰਨ ਸੁੰਨ ਹੋ ਜਾਣ ਤਾਂ ਤੁਰੰਤ ਡਾਕਟਰਾਂ ਨਾਲ ਸੰਪਰਕ ਕਰੋ। 72 ਘੰਟੇ ਦੀ ਦੇਰੀ ਤੋਂ ਬਾਅਦ ਵਿਅਕਤੀ ਦੇ ਬੋਲ਼ੇ ਹੋਣ ਦੀ ਵੀ ਸੰਭਾਵਨਾ ਹੈ।
ਕ੍ਰਾਂਤੀ ਚੌਕ ਮਹਾਰਾਸ਼ਟਰ ਰਾਜ, ਭਾਰਤ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਵਿੱਚ ਸਥਿਤ ਇੱਕ ਸੁੰਦਰ ਚੌਰਾਹਾ ਹੈ। ਇਹ ਛਤਰਪਤੀ ਸੰਭਾਜੀਨਗਰ ਸ਼ਹਿਰ ਦਾ ਇੱਕ ਪ੍ਰਮੁੱਖ ਆਕਰਸ਼ਣ ਹੈ। ਇਹ ਨਵੀਂ ਉਸਾਰੀ ਹੈ। ਰਾਤ ਵੇਲੇ ਬਿਜਲੀ ਦੀਆਂ ਲਾਈਟਾਂ ਅਤੇ ਹਾਥੀ ਦੀ ਸੁੰਡ ਵਿੱਚੋਂ ਵਗਦਾ ਪਾਣੀ ਮਨ ਨੂੰ ਖੁਸ਼ ਕਰਦਾ ਹੈ।