ਪੁਲਿਸ ਵੱਲੋਂ ਰੂੜੀ ਮਾਰਕਾ ਠਿੱਠ-ਮੁਫਤ ’ਚ ਟੱਲੀ ਕਰਨ ਵੱਲ ਲੀਡਰਾਂ ਕੀਤੀ ਪਿੱਠ
ਅਸ਼ੋਕ ਵਰਮਾ
ਬਠਿੰਡਾ, 18 ਅਪਰੈਲ 2024: ਪੰਜਾਬ ’ਚ ਲੋਕ ਸਭਾ ਚੋਣਾਂ ਦਾ ਅਮਲ ਕਾਫੀ ਲੰਮਾਂ ਹੋਣ ਕਾਰਨ ਐਤਕੀਂ ਵੋਟਰਾਂ ਨੂੰ ਰਿਝਾਉਣ ਲਈ ਕੀਤੇ ਜਾਂਦੇ ਸ਼ਰਾਬ ਦੇ ਵੰਡ ਵੰਡਾਰੇ ਤੋਂ ਸਿਆਸੀ ਲੀਡਰਾਂ ਨੇ ਹਾਲ ਦੀ ਘੜੀ ਕਾਫੀ ਹੱਦ ਤੱਕ ਪਾਸਾ ਵੱਟਿਆ ਹੋਇਆ ਹੈ ਜਿਸ ਤੋਂ ਦਾਰੂ ਦੇ ਸ਼ੌਕੀਨ ਅੰਦਰੋ ਅੰਦਰੀ ਕਾਫੀ ਔਖੇ ਹਨ। ਸਿਆਸੀ ਜੰਗ ਦੌਰਾਨ ਮੁਫਤ ਦੀ ਸ਼ਰਾਬ ਪੀਕੇ ਟੱਲੀ ਹੋਣ ਵਾਲਿਆਂ ਦਾ ਇਹ ਵੀ ਦਰਦ ਹੈ ਕਿ ਅਕਸਰ ਚੋਣਾਂ ਮੌਕੇ ਮਿਲਣ ਵਾਲੀ ਰੂੜੀ ਮਾਰਕਾ ਖਿਲਾਫ ਐਤਕੀਂ ਪੁਲਿਸ ਕਾਫੀ ਸਖਤ ਦਿਖਾ ਰਹੀ ਹੈ ਜਿਸ ਨੇ ਵੀ ਉਨ੍ਹਾਂ ਨੂੰ ਦਾਰੂ ਦਾ ਟੋਟਾ ਪਾਇਆ ਹੋਇਆ ਹੈ। ਰੌਚਕ ਤੱਥ ਹੈ ਕਿ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਚੋਣਾਂ ਮੌਕੇ ਪਿਆਕੜਾਂ ਦੇ ਸੰਘ ਸੁੱਕੇ ਪਏ ਹਨ ਨਹੀਂ ਤਾਂ ਇੰਨ੍ਹਾਂ ਦਿਨਾਂ ਦੌਰਾਨ ਪੰੰਜੇ ਘਿਓ ’ਚ ਅਤੇ ਸਿਰ ਕੜਾਹੀ ’ਚ ਹੁੰਦਾ ਸੀ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਆਪੋ ਆਪਣੇ ਚੋਣ ਪ੍ਰਚਾਰ ਦੌਰਾਨ ਇੱਕ ਦੂਜੇ ਤੇ ਤਿੱਖੇ ਸਿਆਸੀ ਹਮਲੇ ਕਰਨ ਵਾਲੇ ਸਾਰੀਆਂ ਹੀ ਪਾਰਟੀਆਂ ਦੇ ਨੇਤਾ ਹੁਣ ਤੱਕ ਇਸ ਮਾਮਲੇ ’ਚ ਇੱਕੋ ਮੋਰੀ ਲੰਘਦੇ ਨਜ਼ਰ ਆ ਰਹੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਚੋਣਾਂ ਮੌਕੇ ਸ਼ਰਾਬ ਪਿਆਉਣਾ ਬੰਦ ਹੋ ਗਿਆ ਹੈ ਬੱਸ ਦਿਨ ਭਰ ਦਾ ਥਕੇਵਾਂ ਲਾਹੁਣ ਲਈ ਬੇਹੱਦ ਖਾਸ ਬੰਦਿਆਂ ਜਾਂ ਚੋਣ ਪ੍ਰਚਾਰ ਦੌਰਾਨ ਦਿਨ ਰਾਤ ਇੱਕ ਕਰਨ ਵਾਲਿਆਂ ਦੀ ਜੀਭ ਤਰ ਕਰਵਾਉਣ ਦੇ ਇੰਤਜਾਮ ਕੀਤੇ ਹੋਏ ਹਨ। ਦੇਖਿਆ ਜਾਏ ਤਾਂ ਇਸ ਵੇਲੇ ਸਿਆਸੀ ਨੇਤਾ ਆਪਣੀ ਜਗ੍ਹਾ ਪੁਰੀ ਤਰਾਂ ਠੀਕ ਦਿਸਦੇ ਹਨ ਕਿਉਂਕਿ ਕਾਫੀ ਲੰਮੇ ਅਤੇ ਅਕਾਊ ਚੋਣ ਅਮਲ ਦੌਰਾਨ ਜੇਕਰ ਸ਼ਰਾਬ ਵੰਡਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਖਰਚਿਆਂ ਦੀ ਕੋਈ ਹੱਦ ਹੀ ਨਹੀਂ ਰਹਿ ਜਾਣੀ ਸੀ।
ਇੱਕ ਪਾਰਟੀ ਦੇ ਸਰਗਰਮ ਆਗੂ ਨੇ ਦੱਸਿਆ ਕਿ ਕਈ ਲੋਕਾਂ ਨੇ ਤਾਂ ਚੋਣਾਂ ਦਾ ਐਲਾਨ ਹੋਣ ਦੇ ਦੂਸਰੇ ਦਿਨ ਤੋਂ ਸ਼ਰਾਬ ਦੀ ਝਾਕ ਸ਼ੁਰੂ ਕਰ ਦਿੱਤੀ ਸੀ । ਉਨ੍ਹਾਂ ਕਿਹਾ ਕਿ ਦੱਸੋ ਕੀ ਕਰੀਏ ਜੇਕਰ ਹੁਣੇ ਤੋਂ ਵੰਡਣੀ ਸ਼ੁਰੂ ਕਰ ਦਿੱਤੀ ਤਾਂ ਪ੍ਰਚਾਰ ਨਾਲੋਂ ਜਿਆਦਾ ਖਰਚਾ ਸ਼ਰਾਬ ਤੇ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਚਲੋ ਪਿਆ ਵੀ ਦਿੱਤੀ ਜਾਏ ਤਾਂ ਕੀ ਪਤਾ ਲੱਗਦਾ ਹੈ ਕਿ ਵੋਟਾਂ ਵੇਲੇ ਤੱਕ ਊਂਠ ਕਿਸ ਕਰਵਟ ਬੈਠਣਾ ਹੈ ਇਸ ਲਈ ਚੁੱਪ ਹੀ ਭਲੀ ਹੈ। ਉਨ੍ਹਾਂ ਕਿਹਾ ਕਿ ਉੱਪਰੋਂ ਚੋਣ ਕਮਿਸ਼ਨ ਦਾ ਡੰਡਾ ਹੈ ਜਿਸ ਕਰਕੇ ਹਾਲ ਦੀ ਘੜੀ ਸ਼ਰਾਬ ਤੋਂ ਪਾਸਾ ਕਰਨਾ ਹੀ ਮਜ਼ਬੂਰੀ ਅਤੇ ਸਿਆਣਫ ਹੈ। ਮੁਫਤ ਦੀ ਦਾਰੂ ਛਕਣ ਦੇ ਇੱਕ ਸ਼ੌਕੀਨ ਨੇ ਦੱਸਿਆ ਕਿ ਪਿਛਲੀਆਂ ਚੋਣਾਂ ਮੌਕੇ ਉਨ੍ਹਾਂ ਵਰਗਿਆਂ ਲਈ ਲਹਿਰਾਂ ਬਹਿਰਾਂ ਸਨ।
ਉਨ੍ਹਾਂ ਦੱਸਿਆ ਕਿ ਐਤਕੀਂ ਅੰਗੇਰਜੀ ਜਾਂ ਠੇਕੇ ਦੀ ਸ਼ਰਾਬ ਤਾਂ ਦੂਰ ਕਿਸੇ ਵੀ ਪਾਰਟੀ ਦਾ ਲੀਡਰ ਜਾਂ ਉਨ੍ਹਾਂ ਦੇ ਕਾਰਕੁੰਨ ਰੂੜੀ ਮਾਰਕਾ ਲਈ ਬਾਂਹ ਹੀ ਨਹੀਂ ਫੜਾ ਰਹੇ ਹਨ। ਦੱਸਣਯੋਗ ਹੈ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਪੰਜਾਬ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਕੀਤੀ ਜਾ ਰਹੀ ਸਖਤੀ ਕਾਰਨ ਰੂੜੀ ਮਾਰਕਾ ਕੱਢਣ ਲਈ ਤਿਆਰ ਕੀਤਾ ਜਾਣ ਵਾਲਾ ਲਾਹਣ ਭਾਰੀ ਮਾਤਰਾ ’ਚ ਬਰਾਮਦ ਹੋਇਆ ਹੈ। ਪੁਲਿਸ ਅਤੇ ਚੋਣ ਪ੍ਰਸ਼ਾਸ਼ਨ ਵੱਲੋਂ ਸ਼ੱਕ ਕੀਤਾ ਜਾਂਦਾ ਹੈ ਕਿ ਇਸ ਲਾਹਣ ਤੋਂ ਤਿਆਰ ਹੋਣ ਵਾਲੀ ਰੂੜੀ ਮਾਰਕਾ ਚੋਣ ਅਮਲ ਦੌਰਾਨ ਵੋਟਰਾਂ ਨੂੰ ਹੀ ਵੰਡੀ ਜਾਣੀ ਸੀ। ਸੰਗਰੂਰ ਜਿਲ੍ਹੇ ’ਚ ਜਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਕਾਫੀ ਮੌਤਾਂ ਤੋਂ ਬਾਅਦ ਤਾਂ ਪ੍ਰਸ਼ਾਸ਼ਨ ਇਸ ਮਾਮਲੇ ’ਚ ਪੂਰੀ ਤਰਾਂ ਮੁਸਤੈਦ ਨਜ਼ਰ ਆ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਅਧਿਕਾਰੀਆਂ ਦਾ ਇਸ ਤਰਾਂ ਤਿਆਰ ਹੁੰਦੀ ਰੂੜੀ ਮਾਰਕਾ ਅਤੇ ਉਸ ਦੀ ਵਿੱਕਰੀ ਨੂੰ ਹਰ ਹੀਲੇ ਰੋਕਣ ਤੇ ਸਾਰਾ ਜੋਰ ਲੱਗਿਆ ਹੋਇਆ ਹੈ । ਹਾਕਮ ਧਿਰ ਚੰਗੀ ਤਰਾਂ ਜਾਣਦੀ ਹੈ ਕਿ ਜੇਕਰ ਚੋਣਾਂ ਦੌਰਾਨ ਫਿਰ ਤੋਂ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਵੋਟਰਾਂ ਵੱਲੋਂ ਆਮ ਆਦਮੀ ਪਾਰਟੀ ਦਾ ਸਿਆਸੀ ਨਸ਼ਾ ਲਾਹਿਆ ਜਾ ਸਕਦਾ ਹੈ। ਉਂਜ ਸੂਤਰ ਦੱਸਦੇ ਹਨ ਕਿ ਕਈ ਇਲਾਕਿਆਂ ਵਿੱਚ ਸਿਆਸੀ ਲੋਕਾਂ ਦੇ ਨਜ਼ਦੀਕੀਆਂ ਨੇ ਵੋਟਰਾਂ ਨੂੰ ਚੋਗਾ ਪਾਉਣ ਵਾਸਤੇ ਸ਼ਰਾਬ ਦਾ ਪ੍ਰਬੰਧ ਕੀਤਾ ਹੋਇਆ ਹੈ ਸਿਰਫ ਸਹੀ ਵਕਤ ਦੀ ਉਡੀਕ ਕੀਤੀ ਜਾ ਰਹੀ ਹੈ ਜੋ ਨਾਮਜਦਗੀਆਂ ਦਾਖਲ ਹੋਣ ਉਪਰੰਤ ਮਿਲਣ ਦੀ ਸੰਭਾਵਨਾ ਹੈ। ਉਦੋਂ ਤੱਕ ਮੁਫਤ ਦੀ ਪੀਕੇ ਟੱਲੀ ਹੋਣ ਵਾਲਿਆਂ ਨੂੰ ਤੰਗਦਸਤੀ ਚੋਂ ਲੰਘਣਾ ਪੈ ਸਕਦਾ ਹੈ।
ਮੁਫਤ ਦੀ ਸ਼ਰਾਬ ਲੜਾਈ ਦਾ ਘਰ
ਲਾਈਨੋਪਾਰ ਇਲਾਕੇ ਦੀ ਔਰਤ ਮਨਜੀਤ ਕੌਰ ਦਾ ਕਹਿਣਾ ਸੀ ਕਿ ਮੁਫਤ ਦੀ ਸ਼ਰਾਬ ਨਾਂ ਮਿਲਣ ਕਰਕੇ ਉਨ੍ਹਾਂ ਦੇ ਘਰ ਵਿੱਚ ਹਾਲੇ ਤੱਕ ਲੜਾਈ ਝਗੜੇ ਤੋਂ ਬਚਾਅ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਹੋਈਆਂ ਚੋਣਾਂ ਮੌਕੇ ਏਦਾਂ ਦੀ ਸ਼ਰਾਬ ਪੀਕੇ ਉਸ ਦਾ ਪਤੀ ਕੁੱਟ ਕੁਟਾਪਾ ਕਰਦਾ ਰਹਿੰਦਾ ਸੀ। ਇਸ ਇਲਾਕੇ ਦੀ ਇੱਕ ਔਰਤ ਨੇ ਨਾਂ ਗੁਪਤ ਰੱਖਦਿਆਂ ਦੱਸਿਆ ਕਿ ਪਹਿਲੀਆਂ ਚੋਣਾਂ ਮੌਕੇ ਉਸ ਦਾ ਪਤੀ ਏਨੀ ਸ਼ਰਾਬ ਪੀਂਦਾ ਰਿਹਾ ਸੀ ਕਿ ਉਸ ਨੂੰ ਬੱਚਿਆਂ ਦਾ ਵੀ ਕੋਈ ਖਿਆਲ ਨਹੀਂ ਰਹਿੰਦਾ ਸੀ। ਉਨ੍ਹਾਂ ਮੰਨਿਆ ਕਿ ਸ਼ਰਾਬ ਨਾਂ ਮਿਲਣ ਕਾਰਨ ਹਾਲ ਦੀ ਘੜੀ ਸਭ ਠੀਕ ਚੱਲ ਰਿਹਾ ਹੈ। ਇੰਨ੍ਹਾਂ ਔਰਤਾਂ ਨੇ ਸਾਰੀਆਂ ਹੀ ਪਾਰਟੀਆਂ ਤੋ ਨਸ਼ੇ ਜਾਂ ਸ਼ਰਾਬ ਵੰਡਣੀ ਬੰਦ ਕਰਨ ਦੀ ਮੰਗ ਕੀਤੀ ਹੈ।